ਸੰਯੁਕਤ ਰਾਸ਼ਟਰ, 31 ਅਕਤੂਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਰਕਾਰਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ। ਉਨ੍ਹਾਂ ਪੱਤਰਕਾਰਾਂ ਖ਼ਿਲਾਫ਼ ਵਧ ਰਹੀ ਹਿੰਸਾ, ਧਮਕੀਆਂ ਅਤੇ ਉਨ੍ਹਾਂ ਦੀ ਮੌਤ ਦੇ ਮਾਮਲੇ ਵਧਣ ’ਤੇ ਚਿੰਤਾ ਜਤਾਈ ਹੈ। ਮੌਜੂਦਾ ਵਰ੍ਹੇ ਦੌਰਾਨ 70 ਤੋਂ ਵਧ ਪੱਤਰਕਾਰ ਮਾਰੇ ਜਾ ਚੁੱਕੇ ਹਨ। ਗੁਟੇਰੇਜ਼ ਦਾ ਇਹ ਬਿਆਨ 2 ਨਵੰਬਰ ਨੂੰ ਪੱਤਰਕਾਰਾਂ ਖ਼ਿਲਾਫ਼ ਜ਼ੁਲਮਾਂ ਸਬੰਧੀ ਕੌਮਾਂਤਰੀ ਦਿਵਸ ਤੋਂ ਪਹਿਲਾਂ ਆਇਆ ਹੈ। ਗੁਟੇਰੇਜ਼ ਨੇ ਕਿਹਾ,‘‘ਆਜ਼ਾਦ ਪ੍ਰੈੱਸ ਲੋਕਤੰਤਰ ਲਈ ਕੰਮ ਕਰਨ, ਗਲਤ ਕੰਮਾਂ ਨੂੰ ਉਜਾਗਰ ਕਰਨ ਅਤੇ ਵਿਕਾਸ ਦੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਅਹਿਮ ਹੈ। ਫਿਰ ਵੀ ਸਮਾਜ ’ਚ ਇਸ ਭੂਮਿਕਾ ਨੂੰ ਨਿਭਾਉਣ ਦੌਰਾਨ ਇਸ ਸਾਲ 70 ਤੋਂ ਜ਼ਿਆਦਾ ਪੱਤਰਕਾਰ ਮਾਰੇ ਜਾ ਚੁੱਕੇ ਹਨ।’’ ਉਨ੍ਹਾਂ ਕਿਹਾ ਕਿ ਰਿਕਾਰਡ ਗਿਣਤੀ ’ਚ ਪੱਤਰਕਾਰ ਜੇਲ੍ਹਾਂ ’ਚ ਬੰਦ ਹਨ ਅਤੇ ਉਨ੍ਹਾਂ ਨੂੰ ਸਜ਼ਾ, ਹਿੰਸਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਆਨਲਾਈਨ ਧਮਕਾਉਣ ਖਾਸ ਕਰਕੇ ਮਹਿਲਾ ਪੱਤਰਕਾਰਾਂ ਖ਼ਿਲਾਫ਼ ਨਫ਼ਰਤੀ ਭਾਸ਼ਨ ਜਿਹੀਆਂ ਘਟਨਾਵਾਂ ਨਾਲ ਪੂਰੇ ਸਮਾਜ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਦੀ ਕਾਰਜ ਯੋਜਨਾ ਦਾ ਉਦੇਸ਼ ਸਾਰੇ ਮੀਡੀਆ ਕਰਮੀਆਂ ਲਈ ਸੁਰੱਖਿਅਤ ਤੇ ਆਜ਼ਾਦ ਮਾਹੌਲ ਬਣਾਉਣਾ ਹੈ। -ਪੀਟੀਆਈ
ਹਾਂਗਕਾਂਗ ’ਚ ਦੋ ਸੰਪਾਦਕਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਸ਼ੁਰੂ
ਹਾਂਗਕਾਂਗ: ਬੰਦ ਹੋ ਚੁੱਕੇ ਆਨਲਾਈਨ ਮੀਡੀਆ ਅਦਾਰੇ ਸਟੈਂਡ ਨਿਊਜ਼ ਦੇ ਦੋ ਸਾਬਕਾ ਸੰਪਾਦਕਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਸ਼ੁਰੂ ਹੋ ਗਿਆ ਹੈ। ਉਹ ਪਿਛਲੇ 10 ਮਹੀਨਿਆਂ ਤੋਂ ਹਿਰਾਸਤ ’ਚ ਹਨ। ਸਟੈਂਡ ਨਿਊਜ਼ ਦੇ ਮੁੱਖ ਸੰਪਾਦਕ ਚੁੰਗ ਪੁਈ-ਕੁਏਨ ਅਤੇ ਕਾਰਜਕਾਰੀ ਮੁੱਖ ਸੰਪਾਦਕ ਪੈਟਰਿਕ ਲਾਮ ਨੂੰ ਪਿਛਲੇ ਸਾਲ ਦਸੰਬਰ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਲੋਕਤੰਤਰ ਪੱਖੀ ਐਪਲ ਡੇਲੀ ਅਖ਼ਬਰਾਰ ਦੇ ਬੰਦ ਹੋਣ ਮਗਰੋਂ ਸਟੈਂਡ ਨਿਊਜ਼ ਖੁੱਲ੍ਹੇਆਮ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਆ ਰਿਹਾ ਸੀ। ਜੇਕਰ ਕੁਏਨ ਅਤੇ ਲਾਮ ਨੂੰ ਦੇਸ਼ਧ੍ਰੋਹ ਦੇ ਮਾਮਲੇ ’ਚ ਸਜ਼ਾ ਹੁੰਦੀ ਹੈ ਤਾਂ ਦੋਹਾਂ ਨੂੰ ਦੋ ਸਾਲ ਦੀ ਜੇਲ੍ਹ ਅਤੇ ਪੰਜ ਹਜ਼ਾਰ ਹਾਂਗਕਾਂਗ ਡਾਲਰ ਦਾ ਜੁਰਮਾਨ ਹੋ ਸਕਦਾ ਹੈ। ਮੁਕੱਦਮੇ ਦਾ ਨਬਿੇੜਾ 20 ਦਿਨਾਂ ’ਚ ਹੋਣ ਦੀ ਸੰਭਾਵਨਾ ਹੈ। -ਏਪੀ
ਪੁਲੀਸ ਗੋਲੀਬਾਰੀ ’ਚ ਪੱਤਰਕਾਰ ਹਲਾਕ
ਪੋਰਟ-ਔ-ਪ੍ਰਿੰਸ (ਹੈਤੀ): ਆਪਣੇ ਸਾਥੀ ਪੱਤਰਕਾਰ ਰੋਬੇਸਟ ਡਿਮਾਂਸ਼ੇ ਦੀ ਰਿਹਾਈ ਦੀ ਮੰਗ ਕਰ ਰਹੇ ਰਿਪੋਰਟਰਾਂ ’ਤੇ ਪੁਲੀਸ ਨੇ ਗੋਲੀਬਾਰੀ ਕਰ ਦਿੱਤੀ ਜਿਸ ’ਚ ਹੈਤੀ ਦਾ ਇਕ ਪੱਤਰਕਾਰ ਮਾਰਿਆ ਗਿਆ। ਉਸ ਪੱਤਰਕਾਰ ਦੀ ਪਛਾਣ ਰੋਮੇਲੋ ਵਿਲਸੇਂਟ ਵਜੋਂ ਹੋਈ ਹੈ ਅਤੇ ਉਹ ਆਨਲਾਈਨ ਨਿਊਜ਼ ਸਾਈਟ ਲਈ ਕੰਮ ਕਰਦਾ ਸੀ। ਹੈਤੀ ਪੁਲੀਸ ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਵਿਲਸੇਂਟ ਦੇ ਗੋਲੀ ਲੱਗੀ ਹੈ ਅਤੇ ਹਾਲਾਤ ਤਣਾਅ ਵਾਲੇ ਹਨ। ਵਿਲਸੇਂਟ ਦੀ ਮੌਤ ਮਗਰੋਂ ਪੱਤਰਕਾਰਾਂ ਨੇ ਪੁਲੀਸ ਸਟੇਸ਼ਨ ਨੂੰ ਘੇਰਾ ਪਾ ਲਿਆ। ਪੁਲੀਸ ਨੇ ਪੱਤਰਕਾਰਾਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਡਿਮਾਂਸ਼ੇ ਸਥਾਨਕ ਰੇਡੀਓ ਟੈਲੀ ਜ਼ੈਨਿਥ ਲਈ ਕੰਮ ਕਰਦਾ ਸੀ। -ਏਪੀ