ਗੁਰਚਰਨ ਸਿੰਘ ਕਾਹਲੋਂ
ਸਿਡਨੀ, 2 ਫਰਵਰੀ
ਆਸਟਰੇਲੀਆ ਵਿੱਚ ਅੰਗੂਰਾਂ ਦੇ ਕਾਸ਼ਤਕਾਰ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ ਅਤੇ ਵਾਜਬ ਭਾਅ ਨਾ ਮਿਲਣ ਕਾਰਨ ਫਲ ਨੂੰ ਸੜਕਾਂ ’ਤੇ ਸੁੱਟ ਰਹੇ ਹਨ। ਇਸ ਦੇ ਰੋਸ ਵਜੋਂ ਲਗਪਗ ਸੈਂਕੜੇ ਕਾਸ਼ਤਕਾਰਾਂ ਨੇ ਦੱਖਣੀ ਆਸਟਰੇਲੀਆ ਦੇ ਸ਼ਹਿਰ ਰਿਵਰਲੈਂਡ ਵਿੱਚ ਟਰੈਕਟਰ ਮਾਰਚ ਕੀਤਾ। ਉਨ੍ਹਾਂ ਦੀ ਹਮਾਇਤ ਵਿੱਚ ਪੰਜਾਬੀ ਕਾਸ਼ਤਕਾਰ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਟਰੈਕਟਰਾਂ ਦੇ ਕਾਫ਼ਲੇ ਦੀ ਅਗਵਾਈ 25 ਸਾਲਾ ਕਾਸ਼ਤਕਾਰ ਸਾਵਾ ਗਿਆਹਗਿਆਸ ਨੇ ਕੀਤੀ। ਉਨ੍ਹਾਂ ਕਿਹਾ ਕਿ ਅੰਗੂਰਾਂ ਦਾ ਢੁਕਵਾਂ ਭਾਅ ਨਾ ਮਿਲਣ ਕਾਰਨ ਉਹ ਸੜਕਾਂ ’ਤੇ ਸੁੱਟਣ ਲਈ ਮਜਬੂਰ ਹਨ। ਰਿਵਰਲੈਂਡ ਖੇਤਰ ਵਿੱਚ 900 ਤੋਂ ਵੱਧ ਅੰਗੂਰ ਕਾਸ਼ਤਕਾਰ ਹਨ ਜੋ ਆਸਟਰੇਲੀਆ ਦੀ ਕੌਮੀ ਆਰਥਿਕਤਾ ਵਿੱਚ ਲਗਪਗ 40 ਕਰੋੜ ਡਾਲਰ ਦਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੂੰ ਅੰਗੂਰਾਂ ਦਾ 150 ਡਾਲਰ ਪ੍ਰਤੀ ਟਨ ਭਾਅ ਦਿੱਤਾ ਜਾ ਰਿਹਾ ਹੈ ਜਦੋਂਕਿ ਖਰਚਾ ਇਸ ਤੋਂ ਵੱਧ ਆਉਂਦਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਦੇ ਇੱਕ ਬੁਲਾਰੇ ਨੇ ਆਸਟਰੇਲੀਅਨ ਬਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਚੀਨ ਦੀ ਮਾਰਕੀਟ ਆਸਟਰੇਲੀਆ ਦੇ ਸ਼ਰਾਬ ਉਦਯੋਗ ਲਈ ਵੱਡੀ ਸਮੱਸਿਆ ਹੈ। ਸਰਕਾਰ ਇਸ ਨੂੰ ਸਥਿਰ ਕਰਨ ਲਈ ਕੰਮ ਕਰ ਰਹੀ ਹੈ। ਚੀਨ ਹੋਰਨਾਂ ਯੂਰੋਪੀ ਮੁਲਕਾਂ ਨਾਲ ਵੀ ਸ਼ਰਾਬ ਦਾ ਵਪਾਰ ਕਰ ਰਿਹਾ ਹੈ। ਮੰਡੀ ਵਿਚ ਆਸਟਰੇਲੀਅਨ ਰੈੱਡ ਵਾਈਨ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਦਿ ਵਾਈਨ ਗਰੁੱਪ ਦੇ ਜਨਰਲ ਮੈਨੇਜਰ ਬ੍ਰਿਗਿਡ ਨੋਲਨ ਨੇ ਕਿਹਾ ਕਿ ਵਾਈਨ ਉਦਯੋਗ ਨੂੰ ਸ਼ਰਾਬ ਦੀ ਘਟਦੀ ਮੰਗ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।