ਨਵੀਂ ਦਿੱਲੀ, 4 ਸਤੰਬਰ
ਭਾਰਤ ਵਿੱਚ ਰੂਸ ਦੇ ਰਾਜਦੂਤ ਡੈਨਿਸ ਐਲੀਪੋਵ ਨੇ ਕਿਹਾ ਕਿ ਤਿੰਨ ਮੁਲਕੀ ਰੂਸ-ਭਾਰਤ-ਚੀਨ (ਆਰਆਈਸੀ) ਸਮੂਹ ਵਿੱਚ ਇਕ ਦੂਜੇ ਨਾਲ ਸਹਿਯੋਗ ਲਈ ‘ਕਮਾਲ ਦੀ ਸਮਰੱਥਾ’ ਹੈ ਅਤੇ ਇਹ ਨਵੀਂ ਦਿੱਲੀ ਤੇ ਪੇਈਚਿੰਗ ਦਰਮਿਆਨ ਉਸਾਰੂ ਸੰਵਾਦ ਦੇ ਪ੍ਰਚਾਰ ਪਾਸਾਰ ਲਈ ਮਦਦਗਾਰ ਚੌਖਟਾ ਸਾਬਤ ਹੋ ਸਕਦਾ ਹੈ।
ਰਾਜਦੂਤ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਕੁਝ ਹੋਰਨਾਂ ਤਾਕਤਾਂ ਦੀਆਂ ਨੀਤੀਆਂ ਦੇ ਮੁਕਾਬਲੇ ਇਸ ਤਿੰਨ ਮੁਲਕੀ ਸਮੂਹ ਦੀ ਪਹੁੰਚ ਬਿਲਕੁਲ ਵੱਖਰੀ ਹੈ। ਐਲੀਪੋਵ ਨੇ ਕਿਹਾ ਕਿ ਭਾਰਤ ਤੇ ਚੀਨ ਕੁਝ ਮਸਲਿਆਂ ਨੂੰ ਲੈ ਕੇ ਇਕ ਦੂਜੇ ਨਾਲ ਇਤਫ਼ਾਕ ਨਹੀਂ ਰੱਖਦੇ, ਪਰ ਇਹ ਹੋਰ ਤਾਕਤਾਂ ਆਪਣੀਆਂ ਨੀਤੀਆਂ ਦੀ ‘ਮਿੱਥ ਕੇ ਦੁਰਵਰਤੋਂ’ ਕਰਦੀਆਂ ਹਨ।
ਰੂਸੀ ਰਾਜਦੂਤ ਨੇ ਅਮਰੀਕਾ ਦੀ ਅਗਵਾਈ ਵਾਲੀ ‘ਹਿੰਦ-ਪ੍ਰਸ਼ਾਂਤ’ ਪਹਿਲਕਦਮੀ ਦੀ ਵੀ ਨੁਕਤਾਚੀਨੀ ਕੀਤੀ। ਐਲੀਪੋਵ ਨੇ ਕਿਹਾ ਕਿ ਇਹ ਚੀਨ ਨੂੰ ਘੇਰਨ ਨਾਲ ਜੁੜੀ ਨੀਤੀ ਦਾ ਹਿੱਸਾ ਹੈ। ਰਾਜਦੂਤ ਨੇ ਹਾਲਾਂਕਿ ‘ਕੁਆਡ’ ਵਿੱਚ ਭਾਰਤ ਵੱਲੋਂ ‘ਵੰਡਪਾਊ’ ਬਿਆਨਾਂ ਨੂੰ ਲੈ ਕੇ ਲਏ ਸਟੈਂਡ ਦੀ ਸ਼ਲਾਘਾ ਕੀਤੀ।
ਰਾਜਦੂਤ ਨੇ ਕਿਹਾ ਤਿੰਨ ਮੁਲਕੀ ਸਮੂਹ ‘ਰਿੱਕ’ ਕਰਕੇ ਖਿੱਤੇ ਵਿੱਚ ‘ਆਪਸੀ ਸਮਝ, ਵਿਸ਼ਵਾਸ ਤੇ ਸਥਿਰਤਾ’ ਵਧੀ ਹੈ ਤੇ ਇਹ ਮੈਂਬਰ ਮੁਲਕਾਂ ਵਿੱਚ ਸਹਿਯੋਗ ਤੇ ਤਾਲਮੇਲ ਵਧਾਉਣ ਵਿੱਚ ਹੋਰ ਯੋਗਦਾਨ ਪਾ ਸਕਦਾ ਹੈ। ਐਲੀਪੋਵ ਨੇ ਕਿਹਾ, ‘‘ਯਕੀਨੀ ਤੌਰ ’ਤੇ ਰੂਸ ਲਈ ਲਈ ਇਹ ਤਰਜੀਹੀ ਫਰਮਾ ਹੈ, ਤੇ ਸਾਡਾ ਮੰਨਣਾ ਹੈ ਕਿ ਇਹ ਨਵੀਂ ਦਿੱਲੀ ਤੇ ਪੇਈਚਿੰਗ ਦਰਮਿਆਨ ਉਸਾਰੂ ਗੱਲਬਾਤ ਦੇ ਪ੍ਰਚਾਰ ਪਾਸਾਰ ਲਈ ਮਦਦਗਾਰ ਸਾਬਤ ਹੋ ਸਕਦਾ ਹੈ।’’ ਕਾਬਿਲੇਗੌਰ ਹੈ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਟਕਰਾਅ ਵਾਲੇ ਕਈ ਖੇਤਰਾਂ ਵਿੱਚ ਅਜੇ ਵੀ ਤਲਖੀ ਬਣੀ ਹੋਈ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਹਫ਼ਤੇ ਜ਼ੋਰ ਦੇ ਕੇ ਆਖਿਆ ਸੀ ਕਿ ਸਰਹੱਦੀ ਹਾਲਾਤ ਭਾਰਤ-ਚੀਨ ਰਿਸ਼ਤੇ ਨੂੰ ਨਿਰਧਾਰਿਤ ਕਰਨਗੇ। -ਪੀਟੀਆਈ
ਅਮਰੀਕਾ-ਭਾਰਤ 2+2 ਅੰਤਰ-ਇਜਲਾਸੀ ਮੀਟਿੰਗ ਅੱਜ
ਵਾਸ਼ਿੰਗਟਨ: ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਖੁੱੱਲ੍ਹੇ, ਮੋਕਲੇ ਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਖਿੱਤੇ ਦੀ ਹਮਾਇਤ ਲਈ ਸਹਿਯੋਗ ਵਧਾਉਣ ਦੇ ਢੰਗ-ਤਰੀਕਿਆਂ ’ਤੇ ਚਰਚਾ ਲਈ ਉੱਚ ਪੱਧਰੀ ਅਮਰੀਕੀ ਵਫ਼ਦ ਸੋਮਵਾਰ ਤੋਂ ਚਾਰ ਰੋਜ਼ਾ ਭਾਰਤ ਦੌਰੇ ’ਤੇ ਆਏਗਾ। ਅਮਰੀਕੀ ਵਫ਼ਦ ਦੀ ਅਗਵਾਈ ਦੱਖਣੀ ਅਤੇ ਕੇਂਦਰੀ ਏਸ਼ਿਆਈ ਮਾਮਲਿਆਂ ਬਾਰੇ ਸਹਾਇਕ ਸਕੱਤਰ ਡੋਨਾਲਡ ਲੂ ਕਰਨਗੇ। ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਅਮਰੀਕਾ-ਭਾਰਤ 2+2 ਅੰਤਰਇਜਲਾਸੀ ਮੀਟਿੰਗ ਅਤੇ ਸਾਗਰੀ ਸੁਰੱਖਿਆ ਸੰਵਾਦ ਵਿੱਚ ਲੂ ਦੇ ਨਾਲ ਡਿਪਟੀ ਸਹਾਇਕ ਸਕੱਤਰ ਕੈਮਿਲੀ ਡਾਅਸਨ ਸ਼ਾਮਲ ਹੋਣਗੇ। -ਪੀਟੀਆਈ