ਲਾਗੋਸ: ਨਾਈਜੀਰੀਆ ਵਿਚ ਸੁਰੱਖਿਆ ਬਲ ਹਥਿਆਰਬੰਦ ਗਿਰੋਹਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਨੇ ਦੇਸ਼ ਦੇ ਉੱਤਰ-ਪੱਛਮੀਂ ਅਸ਼ਾਂਤ ਪੇਂਡੂ ਖੇਤਰਾਂ ਵਿਚ ਪਿਛਲੇ ਦਿਨਾਂ ਵਿਚ ਕੀਤੇ ਹਮਲਿਆਂ ਦੌਰਾਨ 47 ਲੋਕਾਂ ਨੂੰ ਮਾਰ ਮੁਕਾਇਆ ਹੈ। ਇਹ ਹਮਲੇ ਉੱਤਰ-ਪੱਛਮੀਂ ਕਦੂਨਾ ਸੂਬੇ ਵਿਚ ਹੋਏ ਹਨ। ਨਾਈਜੀਰੀਆ ਦੀ ਰਾਜਧਾਨੀ ਅਬੂਜਾ ਨੇੜਲੇ ਕਦੂਨਾ ਦੇ ਸੁਰੱਖਿਆ ਕਮਿਸ਼ਨਰ ਸੈਮੂਅਲ ਅਰੁਵਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਿਸੇ ਵੀ ਸਮੂਹ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਉਨ੍ਹਾਂ ਨੂੰ ਇਹ ਕਤਲੇਆਮ ਡਾਕੂਆਂ ਦੇ ਗਿਰੋਹ ਵੱਲੋਂ ਕੀਤੇ ਹੋਣ ਦਾ ਸ਼ੱਕ ਹੈ। ਵਿਦੇਸ਼ੀ ਸਬੰਧਾਂ ਬਾਰੇ ਅਮਰੀਕੀ ਕੌਂਸਲ ਦੁਆਰਾ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਇਨ੍ਹਾਂ ਨੇ 2021 ਵਿੱਚ ਉੱਤਰ-ਪੱਛਮੀ ਅਤੇ ਕੇਂਦਰੀ ਸੂਬਿਆਂ ਵਿੱਚ ਹੁਣ ਤੱਕ ਘੱਟੋ-ਘੱਟ 2,500 ਲੋਕਾਂ ਦੀ ਹੱਤਿਆ ਕੀਤੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਹਮਲੇ ਵਧੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਤਾਇਨਾਤ ਸੁਰੱਖਿਆ ਬਲ ਪ੍ਰਭਾਵਿਤ ਖੇਤਰਾਂ ਵਿੱਚ ਗਸ਼ਤ ਕਰ ਰਹੇ ਹਨ। -ਏਪੀ