ਵਿੱਕੀ ਬਟਾਲਾ
ਮਿਲਾਨ (ਇਟਲੀ), 13 ਮਾਰਚ
ਅਜੌਕੇ ਦੌਰ ਵਿੱਚ ਆਏ ਦਿਨ ਪੰਜਾਬੀ ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਆਪਣੀ ਮਿਹਨਤ, ਲਗਨ ਅਤੇ ਬੁਲੰਦ ਹੌਸਲੇ ਦੇ ਨਾਲ-ਨਾਲ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦੇ ਹੋਏ ਯੂਰਪੀ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਗੁਰਸਿੱਖ ਨੌਜਵਾਨ ਬੱਸ ਚਾਲਕ ਬਣਿਆ ਹੈ। ਇਸ ਗੁਰਸਿੱਖ ਨੌਜਵਾਨ ਦਾ ਨਾਮ ਗੁਰਮੀਤ ਸਿੰਘ ਹੈ ਜੋ ਵਿਨਤਰਤੂਰ ਦੇ ਸ਼ਹਿਰ ਕਨਟੋਨ ਜ਼ਿਊਰਿਖ ਵਿੱਚ ਰਹਿ ਰਿਹਾ ਹੈ। ਇਹ ਨੌਜਵਾਨ ਸਵਿਟਜ਼ਰਲੈਂਡ ਵਿੱਚ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ ਜਿਸ ਨੂੰ ਸਟੱਡਤੂਰ ਬੱਸ ਕੰਪਨੀ ਵੱਲੋਂ ਬੱਸ ਡਰਾਈਵਰ ਨਿਯੁਕਤ ਕੀਤਾ ਗਿਆ ਹੈ। ਇਸ ਅੰਮ੍ਰਿਤਧਾਰੀ ਸਿੱਖ ਨੌਜਵਾਨ ਗੁਰਮੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੇਰਗੜ੍ਹ ਦਾ ਹੈ ਅਤੇ ਹੁਣ ਇਹ ਨੌਜਵਾਨ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਯੂਰੋਪ ਵਿੱਚ ਰਹਿ ਰਿਹਾ ਹੈ।
ਗੁਰਮੀਤ ਸਿੰਘ ਨੇ ਆਪਣੀ ਇਸ ਸਫ਼ਲਤਾ ਲਈ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ, ‘‘ਭਾਵੇਂ ਅਸੀਂ ਕਿਸੇ ਵੀ ਦੇਸ਼ ਵਿੱਚ ਵੱਸਦੇ ਹੋਈਏ, ਸਾਨੂੰ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਕੰਮਕਾਰ ਕਰਨੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਇੱਕ ਵੱਖਰੀ ਪਛਾਣ ਹੈ।’’