ਹਰਜੀਤ ਲਸਾੜਾ
ਬ੍ਰਿਸਬੇਨ, 11 ਅਕਤੂਬਰ
ਇੱਥੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ, ਗੁਰਦੁਆਰਾ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਅਨ ਸ਼ਰਾਇਨਾ, ਕੌਂਸਲਰ ਕਿਮ ਮਾਰਕਸ ਤੇ ਜੌਹਨ ਵਾਲਟਰ ਗੁਰੂ ਘਰ ਵਿਖੇ ਨਤਮਸਤਕ ਹੋਏ। ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ, ਊਪ ਪ੍ਰਧਾਨ ਪ੍ਰੀਤਮ ਸਿੰਘ ਝੱਜ, ਜਰਨੈਲ ਸਿੰਘ ਬਾਸੀ, ਹਰਜਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮਲਹੋਤਰਾ, ਰੇਸ਼ਮ ਸਿੰਘ ਖੱਖ, ਸੇਵਾ ਸਿੰਘ ਤੇ ਬੀਬੀ ਕਿਰਨ ਕੌਰ, ਦਲਵੀਰ ਹਲਵਾਰਵੀ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ 13,000 ਡਾਲਰ ਅਤੇ ਗੁਰਦੁਆਰਾ ਬ੍ਰਿਸਬੇਨ ਲੋਗਨ ਰੋਡ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਊਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਤੇ ਗੁਰਪ੍ਰੀਤ ਸਿੰਘ ਬੱਲ ਵੱਲੋਂ ਇੱਕ ਹਜ਼ਾਰ ਡਾਲਰ ਦਾ ਚੈੱਕ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਨ ਸ਼ਰਾਇਨਾ ਨੂੰ ਰੂਰਲ ਏਡ ਲਈ ਕੁਦਰਤੀ ਆਫ਼ਤਾਂ ਸਮੇਂ ਪੀੜਤ ਲੋਕਾਂ ਨੂੰ ਰਾਹਤ ਕਾਰਜਾਂ ਵਿੱਚ ਮੱਦਦ ਮੁਹੱਈਆ ਕਰਵਾਉਣ ਲਈ ਭੇਟ ਕੀਤਾ ਗਿਆ। ਮੇਅਰ ਨੇ ਆਪਣੇ ਧੰਨਵਾਦੀ ਸੰਬੋਧਨ ਵਿਚ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿੱਖੀ ਫਲਸਫੇ ਨੂੰ ਮਹਾਨ ਦੱਸਿਆ। ਕੌਂਸਲਰ ਕਿਮ ਮਾਰਕਸ ਨੇ ਸਾਂਝੀਵਾਲਤਾ ਨੂੰ ਭਾਈਚਾਰਕ ਸਾਂਝ ਲਈ ਜ਼ਰੂਰੀ ਉੱਦਮ ਅਤੇ ਸਮੇਂ ਦੀ ਮੰਗ ਦੱਸਿਆ। ਜੌਹਨ ਵਾਲਟਰ ਰੂਰਲ ਏਡ ਨੇ ਸਮੂਹ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੌਰ ’ਚ ਮੁਫ਼ਤ ਭੋਜਨ ਮੁਹੱਈਆ ਕਰਵਾਉਣਾ ਵਿਲੱਖਣ ਕਾਰਜ ਹੈ। ਉਨ੍ਹਾਂ ਸਮੂਹ ਵਾਲੰਟੀਅਰਾਂ ਅਤੇ ਕਮੇਟੀਆਂ ਦਾ ਧੰਨਵਾਦ ਕੀਤਾ। ਹਰਕੀਰਤ ਸਿੰਘ ਦੇ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਬਦ ਗਾਇਨ ਕੀਤਾ ਗਿਆ। ਮੰਚ ਸੰਚਾਲਨ ਹਰਜਿੰਦਰ ਸਿੰਘ ਰੰਧਾਵਾ ਅਤੇ ਦਲਵੀਰ ਹਲਵਾਰਵੀ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।