ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਦੀ ਚਿੰਤਾ, ਬੇਚੈਨੀ ਤੇ ਦਰਦ ਨੂੰ ਸਮਝਦੇ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਿਸ਼ਵ ਸੰਗਠਨ ਉਨ੍ਹਾਂ ਦੀ ਸੁਰੱਖਿਆ ਤੇ ਭਲਾਈ ਲਈ ਆਪਣੇ ਵੱਲੋਂ ਹਰ ਕੋਸ਼ਿਸ਼ ਕਰ ਰਿਹਾ ਹੈ। ਗੁਟੇਰੇਜ਼ ਨੇ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ ਵਿਚਲੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੂੰ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਉਨ੍ਹਾਂ ਪ੍ਰਤੀ ਸਾਡਾ ਪੂਰਾ ਸਮਰਥਨ ਤੇ ਇਕਜੁੱਟਤਾ ਹੈ। ਉਨ੍ਹਾਂ ਕਿਹਾ, ‘ਸੰਕਟ ਦੇ ਇਸ ਸਮੇਂ ਵਿੱਚ ਅਫ਼ਗਾਨ ਲੋਕਾਂ ਲਈ ਤੁਸੀਂ ਜੋ ਕੁਝ ਵੀ ਕਰ ਰਹੇ ਹੋ, ਉਸ ਦੇ ਲਈ ਮੈਂ ਨਿੱਜੀ ਤੌਰ ’ਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਕਹਿੰਦਾ ਹਾਂ ਕਿ ਅਸੀਂ ਸਾਰੇ ਤੁਹਾਡੀ ਸੇਵਾ ਲਈ, ਵਿਸ਼ੇਸ਼ ਤੌਰ ’ਤੇ ਅਫ਼ਗਾਨ ਸਹਿਯੋਗੀਆਂ ਦੇ ਧੰਨਵਾਦੀ ਹਾਂ, ਉਦੋਂ ਮੈਂ ਪੂਰੇ ਸੰਯੁਕਤ ਰਾਸ਼ਟਰ ਪਰਿਵਾਰ ਵੱਲੋਂ ਬੋਲ ਰਿਹਾ ਹੁੰਦਾ ਹਾਂ।’ ਉਨ੍ਹਾਂ ਨੇ ਅੱਗੇ ਕਿਹਾ, ‘ਮੈਂ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਜਾਣਦਾ ਹਾਂ। ਵਿਸ਼ੇਸ਼ ਤੌਰ ’ਤੇ ਮਾਨਵੀ ਸਹਾਇਤਾ ਕਰਨ ਵਾਲਿਆਂ ਨੂੰ, ਜੋ ਅਫ਼ਗਾਨ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੁਕਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ।’ -ਪੀਟੀਆਈ