ਇਸਲਾਮਾਬਾਦ, 9 ਸਤੰਬਰ
ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅੱਜ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤਾਂ ਉਨ੍ਹਾਂ ਮੁਲਕਾਂ ਨੂੰ ‘ਮੋੜਵਾਂ ਜਵਾਬ’ ਨਹੀਂ ਦੇ ਰਹੀਆਂ ਜਿਨ੍ਹਾਂ ਦਾ ਜਲਵਾਯੂ ਤਬਦੀਲੀ ਵਿਚ ਵੱਡਾ ਯੋਗਦਾਨ ਹੈ, ਪਰ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਜਿਨ੍ਹਾਂ ਦਾ ਵਾਤਾਵਰਨ ਦਾ ਨੁਕਸਾਨ ਕਰਨ ਵਿਚ ਬਹੁਤ ਘੱਟ ਹਿੱਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਰਗੇ ਦੇਸ਼ ਜਲਵਾਯੂ ਤਬਦੀਲੀ ਦੇ ਗੰਭੀਰ ਸਿੱਟੇ ਭੁਗਤ ਰਹੇ ਹਨ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਪਾਕਿਸਤਾਨ ਦੇ ਦੌਰੇ ਉਤੇ ਹਨ। ਉਨ੍ਹਾਂ ਉੱਥੇ ਹੜ੍ਹਾਂ ਕਾਰਨ ਵੱਡੇ ਪੱਧਰ ਉਤੇ ਹੋਈ ਤਬਾਹੀ ਦਾ ਜਾਇਜ਼ਾ ਲਿਆ ਹੈ। ਦੇਸ਼ ਵਿਚ ਮੀਂਹ ਤੇ ਹੜ੍ਹਾਂ ਕਾਰਨ 1350 ਲੋਕ ਮਾਰੇ ਗਏ ਹਨ। ਜੂਨ ਤੋਂ ਹੁਣ ਤੱਕ ਪਾਕਿਸਤਾਨ ਦਾ ਤੀਜਾ ਹਿੱਸਾ ਪਾਣੀ ਵਿਚ ਡੁੱਬਿਆ ਹੋਇਆ ਹੈ। ਹਾਲ ਹੀ ਵਿਚ ਸੰਯੁਕਤ ਰਾਸ਼ਟਰ ਨੇ ਇਸ ਮੁਸ਼ਕਲ ਨਾਲ ਨਜਿੱਠਣ ਲਈ ਪਾਕਿ ਦੀ ਮਾਲੀ ਮਦਦ ਵੀ ਕੀਤੀ ਹੈ। ਗੁਟੇਰੇਜ਼ ਨੇ ਅੱਜ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਇਸਲਾਮਾਬਾਦ ਸਥਿਤ ਹੜ੍ਹਾਂ ਬਾਰੇ ਕੋਆਰਡੀਨੇਸ਼ਨ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੂੰ ਉੱਥੇ ਹੜ੍ਹਾਂ ਦੀ ਵਰਤਮਾਨ ਸਥਿਤੀ, ਰਾਹਤ ਤੇ ਬਚਾਅ ਕਾਰਜਾਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਗੁਟੇਰੇਜ਼ ਨੇ ਕਿਹਾ, ‘ਮਨੁੱਖਤਾ ਨੇ ਪਹਿਲਾਂ ਕੁਦਰਤ ਉਤੇ ਹੱਲਾ ਬੋਲ ਦਿੱਤਾ, ਹੁਣ ਕੁਦਰਤ ਜਵਾਬ ਦੇ ਰਹੀ ਹੈ। ਪਰ ਕੁਦਰਤ ਅੰਨ੍ਹੀ ਹੈ। ਇਹ ਉਨ੍ਹਾਂ ਨੂੰ ਜਵਾਬ ਨਹੀਂ ਦੇ ਰਹੀ ਜਿਨ੍ਹਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।’ ਗੁਟੇਰੇਜ਼ ਨੇ ਵਿਕਸਤ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਕਾਰਬਨ ਤੇ ਹੋਰ ਜ਼ਹਿਰੀਲੀ ਨਿਕਾਸੀ ਘਟਾਉਣ। ਇਸ ਤੋਂ ਇਲਾਵਾ ਪਾਕਿਸਤਾਨ ਜਿਹੇ ਮੁਲਕਾਂ ਦੀ ਇਸ ਪੱਖ ਤੋਂ ਮਦਦ ਵੀ ਕਰਨ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਵੀ ਪਾਕਿਸਤਾਨ ਦੀ ਮਦਦ ਕਰਨ ਦਾ ਸੱਦਾ ਦਿੱਤਾ। -ਪੀਟੀਆਈ
ਰਾਹੁਲ ਵੱਲੋਂ ਪਾਕਿਸਤਾਨ ’ਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨਾਲ ਹਮਦਰਦੀ ਪ੍ਰਗਟ
ਕੰਨਿਆਕੁਮਾਰੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਕਿਸਤਾਨ ’ਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਤ੍ਰਾਸਦੀ ਵਿਚ ਹੋਈਆਂ ਮੌਤ ’ਤੇ ਵੀ ਅਫ਼ਸੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹੜ੍ਹਾਂ ਨੇ ਕਾਫ਼ੀ ਤਬਾਹੀ ਕੀਤੀ ਹੈ। ਮੁਲਕ ਦਾ ਵੱਡਾ ਹਿੱਸਾ ਪਾਣੀ ਹੇਠ ਹੈ ਤੇ 1391 ਲੋਕ ਮਾਰੇ ਗਏ ਹਨ। ਹਜ਼ਾਰਾਂ ਲੋਕ ਜ਼ਖ਼ਮੀ ਵੀ ਹੋਏ ਹਨ। ਰਾਹੁਲ ਨੇ ਟਵੀਟ ਕੀਤਾ, ‘ਪਾਕਿਸਤਾਨ ਵਿਚ ਆਏ ਹੜ੍ਹ ਭਿਆਨਕ ਤ੍ਰਾਸਦੀ ਹਨ। ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਤੇ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਮੈਂ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।’ -ਪੀਟੀਆਈ