ਵਾਸ਼ਿੰਗਟਨ, 12 ਮਾਰਚ
ਫੈਡਰੇਸ਼ਨ ਆਫ਼ ਅਮੈਰੀਕਨ ਇਮੀਗ੍ਰੇਸ਼ਨ ਰਿਫਾਰਮਜ਼ (ਫੇਅਰ) ਨਾਂ ਦੇ ਅਮਰੀਕੀ ਸਮੂਹ ਨੇ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਿਆਂ ਸਬੰਧੀ ਲਏ ਫੈਸਲਿਆਂ ਨੂੰ ਉਲਟਾਉਣ ਦੀ ਬਾਇਡਨ ਪ੍ਰਸ਼ਾਸਨ ਦੀ ਪੇਸ਼ਕਦਮੀ ਦਾ ਵਿਰੋਧ ਕੀਤਾ ਹੈ। ਸਮੂਹ ਨੇ ਵਿਸ਼ੇਸ ਕਰਕੇ ਐੇੱਚ-1ਬੀ ਵੀਜ਼ਿਆਂ ਲਈ ਮੁੜ ਲਾਟਰੀ ਸਿਸਟਮ ਸ਼ੁਰੂ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਐੱਚ-1ਬੀ ਵੀਜ਼ੇ ਹੁਨਰਮੰਦ ਤੇ ਤਕਨੀਕੀ ਤੌਰ ’ਤੇ ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਲਈ ਹੁੰਦੇ ਹਨ ਤੇ ਵੱਡੀ ਗਿਣਤੀ ਭਾਰਤੀ ਨਾਗਰਿਕ ਇਹ ਵੀਜ਼ੇ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਹੁੰਦੇ ਹਨ। ‘ਫੇਅਰ’ ਨੇ ਗ੍ਰਹਿ ਵਿਭਾਗ ਕੋਲ ਦਾਇਰ ਹਲਫ਼ਨਾਮੇ ’ਚ ਕਿਹਾ ਕਿ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਬਣਾਏ ਨੇਮਾਂ ਨੂੰ ਅਮਲ ਵਿੱਚ ਲਿਆਉਣ ਨਾਲ ਜਿੱਥੇ ਐੱਚ-1ਬੀ ਪ੍ਰੋਗਰਾਮ ਦੀ ਦੁਰਵਰਤੋਂ ਘਟੇਗੀ, ਉਥੇ ਅਮਰੀਕੀ ਕਾਮਿਆਂ ਦੇ ਹੱਕ ਵੀ ਸੁਰੱਖਿਅਤ ਰਹਿਣਗੇ। 1979 ਵਿੱਚ ਹੋਂਦ ’ਚ ਆਈ ‘ਫੇਅਰ’ ਅਮਰੀਕਾ ਦਾ ਸਭ ਤੋਂ ਵੱਡਾ ਆਵਾਸ ਸੁਧਾਰਾਂ ਬਾਰੇ ਸਮੂਹ ਹੈ। -ਪੀਟੀਆਈ