ਲਾਹੌਰ: ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਹਾਫ਼ਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ (ਜੇਯੂਡੀ) ਦੇ ਪੰਜ ਆਗੂਆਂ ਨੂੰ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੀਆਂ ਅਤਿਵਾਦੀ ਗਤੀਵਿਧੀਆਂ ਲਈ ਪੈਸੇ ਇਕੱਠੇ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਨੌਂ-ਨੌਂ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਵਿੱਚੋਂ ਤਿੰਨ ਉਮਰ ਬਹਾਦਰ, ਨਸਰੁੱਲਾ ਤੇ ਸਮੀਉੱਲਾ ਨੂੰ ਪਹਿਲੀ ਵਾਰ ਸਜ਼ਾ ਸੁਣਾਈ ਗਈ ਹੈ। ਅਤਿਵਾਦ ਵਿਰੋਧੀ ਅਦਾਲਤ ਵੱਲੋਂ ਇਹ ਸਜ਼ਾ ਕੁਝ ਸਮਾਂ ਪਹਿਲਾਂ ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ ਵੱਲੋਂ ਅਤਿਵਾਦੀ ਗਤੀਵਿਧੀਆਂ ਲਈ ਧਨ ਇਕੱਤਰ ਕਰਨ ਦੇ ਮਾਮਲੇ ਵਿੱਚ ਦਰਜ ਕੀਤੇ ਗਏ ਕੇਸਾਂ ਦੇ ਸਬੰਧ ਵਿੱਚ ਸੁਣਾਈ ਗਈ ਹੈ। ਬਾਕੀ ਦੋ ਦੋਸ਼ੀਆਂ ਜੇਯੂਡੀ ਦੇ ਬੁਲਾਰੇ ਯਾਹੀਆ ਮੁਜਾਹਿਦ ਤੇ ਸੀਨੀਅਰ ਆਗੂ ਪ੍ਰੋ. ਜ਼ਫ਼ਰ ਇਕਬਾਲ ਨੂੰ ਪਹਿਲਾਂ ਵੀ ਅਤਿਵਾਦੀ ਗਤੀਵਿਧੀਆਂ ਲਈ ਧਨ ਇਕੱਤਰ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਸੀ।
ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਐਜਾਜ਼ ਅਹਿਮਦ ਬੁੱਟਰ ਨੇ ਬੀਤੇ ਦਿਨੀਂ ਪੰਜੋਂ ਦੋਸ਼ੀਆਂ ਨੂੰ ਨੌਂ-ਨੌਂ ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸੇ ਮਾਮਲੇ ਵਿੱਚ ਸਈਦ ਦੇ ਰਿਸ਼ਤੇਦਾਰ ਹਾਫ਼ਿਜ਼ ਅਬਦੁਲ ਰਹਿਮਾਨ ਮੱਕੀ ਨੂੰ ਵੀ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਜੇਯੂਡੀ ਤੇ ਲਸ਼ਕਰ-ਏ-ਤੋਇਬਾ ਦੇ ਆਗੂਆਂ ਨੂੰ ਅਤਿਵਾਦੀ ਗਤੀਵਿਧੀਆਂ ਲਈ ਧਨ ਇਕੱਤਰ ਕੀਤੇ ਜਾਣ ਦਾ ਦੋਸ਼ੀ ਪਾਇਆ। ਉਹ ਧਨ ਇਕੱਤਰ ਕਰਦੇ ਸਨ ਅਤੇ ਗੈਰ-ਕਾਨੂੰਨੀ ਢੰਗ ਨਾਲ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਦੀਆਂ ਅਤਿਵਾਦੀ ਗਤੀਵਿਧੀਆਂ ਲਈ ਦਿੰਦੇ ਸਨ। -ਪੀਟੀਆਈ