ਦੀਰ ਅਲ-ਬਲਾਹ, 20 ਦਸੰਬਰ
ਹਮਾਸ ਦਾ ਚੋਟੀ ਦਾ ਆਗੂ ਗਾਜ਼ਾ ’ਚ ਜਾਰੀ ਜੰਗ ਉਤੇ ਗੱਲਬਾਤ ਲਈ ਮਿਸਰ ਦੀ ਰਾਜਧਾਨੀ ਕਾਹਿਰਾ ਪਹੁੰਚ ਗਿਆ ਹੈ। ਇਸਮਾਈਲ ਹਾਨਿਯੇਹ ਦਾ ਇਹ ਦੌਰਾ ਹਮਾਸ ਵੱਲੋਂ ਇਜ਼ਰਾਈਲ ’ਤੇ ਰਾਕੇਟ ਦਾਗਣ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਜੰਗ ਵਿਚ ਹੁਣ ਤੱਕ 20,000 ਫਲਸਤੀਨੀ ਮਾਰੇ ਗਏ ਹਨ। ਉੱਤਰੀ ਗਾਜ਼ਾ ਵਿਚੋਂ ਕਰੀਬ 19 ਲੱਖ ਫਲਸਤੀਨੀਆਂ ਨੂੰ ਘਰ ਛੱਡ ਕੇ ਉੱਜੜਨਾ ਪਿਆ ਹੈ। ਇਜ਼ਰਾਈਲ ਨੇ ਬਾਕੀ ਦੁਨੀਆ ਨੂੰ ਸੱਦਾ ਦਿੱਤਾ ਹੈ ਕਿ ਉਹ ਹਮਾਸ ਨੂੰ ਅਤਿਵਾਦੀ ਜਥੇਬੰਦੀ ਵਜੋਂ ‘ਬਲੈਕਲਿਸਟ’ ਕਰੇ। ਗੌਰਤਲਬ ਹੈ ਕਿ ਹਮਾਸ ਵੱਲੋਂ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਹਮਲੇ ਮਗਰੋਂ ਦੋਵਾਂ ਧਿਰਾਂ ਵਿਚਾਲੇ ਜੰਗ ਸ਼ੁਰੂ ਹੋਈ ਸੀ। ਹਾਲਾਂਕਿ ਦੋਵਾਂ ਧਿਰਾਂ ਨੇ ਹੁਣ ਮਿਸਰ ਤੇ ਕਤਰ ਦੀ ਵਿਚੋਲਗੀ ਤੋਂ ਬਾਅਦ ਅਸਿੱਧੇ ਤੌਰ ’ਤੇ ਗੱਲਬਾਤ ਦਾ ਰਾਹ ਵੀ ਖੋਲ੍ਹਿਆ ਹੈ। ਇਹ ਵਾਰਤਾ ਦੁਬਾਰਾ ਗੋਲੀਬੰਦੀ ਕਰਾਉਣ ਤੇ ਹੋਰ ਬੰਧਕਾਂ ਨੂੰ ਛੁਡਾਉਣ ਵੱਲ ਸੇਧਿਤ ਹੈ ਜਿਨ੍ਹਾਂ ਨੂੰ ਹਮਾਸ ਨੇ ਫੜਿਆ ਹੋਇਆ ਹੈ। ਇਜ਼ਰਾਈਲ ਨੇ ਵੀ ਕਈ ਫਲਸਤੀਨੀਆਂ ਨੂੰ ਕੈਦ ਕੀਤਾ ਹੋਇਆ ਹੈ। ਹਮਾਸ ਨੇ ਇਕ ਬਿਆਨ ਵਿਚ ਕਿਹਾ ਕਿ ਇਸਮਾਈਲ ਮਿਸਰ ਦੇ ਆਗੂਆਂ ਨਾਲ ਜੰਗ ਬਾਰੇ ਚਰਚਾ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਮੰਨਿਆ ਜਾਂਦਾ ਹੈ ਕਿ ਹਾਨਿਯੇਹ ਕਤਰ ਵਿਚ ਰਹਿੰਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ ਵਿਚ ਹੋਈ ਗੋਲੀਬੰਦੀ ਵੀ ਮਿਸਰ ਤੇ ਕਤਰ ਦੇ ਯਤਨਾਂ ਨਾਲ ਸਿਰੇ ਚੜ੍ਹੀ ਸੀ ਜੋ ਕਿ ਹਫ਼ਤੇ ਤੱਕ ਚੱਲੀ। ਇਸ ਦੌਰਾਨ ਹਮਾਸ ਨੇ ਕਰੀਬ 100 ਬੰਧਕ ਰਿਹਾਅ ਕੀਤੇ ਸਨ ਜਦਕਿ ਇਜ਼ਰਾਈਲ ਨੇ 240 ਫਲਸਤੀਨੀ ਛੱਡੇ ਸਨ। ਇਸੇ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗਲਾਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੈਨਾ ਉੱਤਰੀ ਗਾਜ਼ਾ ਵਿਚ ਹਮਾਸ ਦੇ ਸੁਰੰਗ ਨੈੱਟਵਰਕ ਵਿਚ ਦਾਖਲ ਹੋ ਚੁੱਕੀ ਹੈ ਤੇ ‘ਮਿਸ਼ਨ ਆਖ਼ਰੀ ਪੜਾਅ ਉਤੇ ਹੈ।’ ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਇੱਥੋਂ ਬਾਹਰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਗਾਜ਼ਾ ਵਿਚ ਇਮਾਰਤਾਂ ਮਲਬੇ ਵਿਚ ਤਬਦੀਲ ਹੋ ਚੁੱਕੀਆਂ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਮੈਂਬਰ ਵੀ ਅਰਬ ਮੁਲਕਾਂ ਵੱਲੋਂ ਤਜਵੀਜ਼ਤ ਮਤੇ ਉਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਜੰਗ ਰੋਕਣ ਵੱਲ ਸੇਧਿਤ ਹੈ। ਇਸ ਦਾ ਮੰਤਵ ਗਾਜ਼ਾ ਵਿਚ ਮਦਦ ਪਹੁੰਚਾਉਣ ਲਈ ਰਾਹ ਪੱਧਰਾ ਕਰਨਾ ਹੈ। ਫਰਾਂਸ, ਬਰਤਾਨੀਆ ਤੇ ਜਰਮਨੀ ਵੀ ਗੋਲੀਬੰਦੀ ਦਾ ਸੱਦਾ ਦੇ ਚੁੱਕੇ ਹਨ। -ਏਪੀ
ਇਜ਼ਰਾਇਲੀ ਹਮਲਿਆਂ ’ਚ ਗਾਜ਼ਾ ਪੱਟੀ ’ਚ ਕਈ ਹੋਰ ਮੌਤਾਂ
ਰਾਫਾਹ: ਇਜ਼ਰਾਇਲੀ ਸੈਨਾ ਨੇ ਗਾਜ਼ਾ ਦੇ ਉੱਤਰ ਵਿਚ ਦੋ ਹਸਪਤਾਲਾਂ ’ਤੇ ਅਚਾਨਕ ਹੱਲਾ ਬੋਲਿਆ ਹੈ। ਇੱਥੋਂ ਹਮਾਸ ਅਤਿਵਾਦੀਆਂ ਨੂੰ ਕਾਬੂ ਕਰਨ ਦੀ ਕਾਰਵਾਈ ਚੱਲ ਰਹੀ ਹੈ। ਦੱਖਣੀ ਗਾਜ਼ਾ ਵਿਚ ਇਜ਼ਰਾਇਲੀ ਬੰਬਾਰੀ ’ਚ ਕਰੀਬ 45 ਫਲਸਤੀਨੀ ਮਾਰੇ ਗਏ ਹਨ। ਰੱਖਿਆ ਮੰਤਰੀ ਯੋਆਵ ਗਲਾਂਟ ਨੇ ਚਿਤਾਵਨੀ ਦਿੱਤੀ ਹੈ ਕਿ ਦੱਖਣ ਵਿਚ ਜੰਗ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਰਾਫਾਹ ਕਸਬੇ ਦੇ ਇਕ ਹਸਪਤਾਲ ਵਿਚ ਦੋ ਬੱਚਿਆਂ ਦੀ ਵੀ ਹਮਲਿਆਂ ’ਚ ਮੌਤ ਹੋਈ ਹੈ। -ਏਪੀ
ਭਾਰਤ ’ਚੋਂ ਉਸਾਰੀ ਵਰਕਰ ਭਰਤੀ ਕਰੇਗਾ ਇਜ਼ਰਾਈਲ
ਯੇਰੂਸ਼ਲਮ: ਇਜ਼ਰਾਈਲ ਤੋਂ ‘ਚੋਣਕਾਰਾਂ’ ਦੀ ਇਕ ਟੀਮ ਨੇ ਪਿਛਲੇ ਹਫ਼ਤੇ ਭਾਰਤ ਦਾ ਦੌਰਾ ਕੀਤਾ ਸੀ ਤੇ ਇਕ ਹੋਰ ਸੀਨੀਅਰ ਵਫ਼ਦ ਅਗਲੇ ਹਫ਼ਤੇ ਹਜ਼ਾਰਾਂ ਉਸਾਰੀ ਵਰਕਰਾਂ ਦੀ ਭਰਤੀ ਲਈ ਇੱਥੇ ਆਵੇਗਾ। ਇਜ਼ਰਾਈਲ ਵਿਚ ਵਰਕਰਾਂ ਦੀ ਵੱਡੀ ਕਮੀ ਦੇ ਮੱਦੇਨਜ਼ਰ ਭਾਰਤ ਤੋਂ ਵਰਕਰ ਚੁਣੇ ਜਾ ਰਹੇ ਹਨ। ‘ਇਜ਼ਰਾਈਲ ਬਿਲਡਰਜ਼ ਐਸੋਸੀਏਸ਼ਨ’ ਦੇ ਇਕ ਅਧਿਕਾਰੀ ਨੇ ਦੱਸਿਆ ਕਿ 27 ਦਸੰਬਰ ਨੂੰ ਦਿੱਲੀ ਤੇ ਚੇਨੱਈ ਵਿਚ ਪ੍ਰਕਿਰਿਆ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰੀ ਮਨਜ਼ੂਰੀ ਨਾਲ 10 ਹਜ਼ਾਰ ਵਰਕਰ ਇਜ਼ਰਾਈਲ ਲਿਆਂਦੇ ਜਾਣਗੇ, ਤੇ ਨੇੜ ਭਵਿੱਖ ਵਿਚ ਹਾਲਾਤ ਮੁਤਾਬਕ ਇਹ ਗਿਣਤੀ 30 ਹਜ਼ਾਰ ਤੱਕ ਪਹੁੰਚ ਸਕਦੀ ਹੈ। -ਪੀਟੀਆਈ