ਲਾਹੌਰ, 22 ਜੁਲਾਈ
ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਆਗੂ ਹਮਜ਼ਾ ਸ਼ਰੀਫ਼ ਲਹਿੰਦੇ ਪੰਜਾਬ ਦੇ ਮੁੜ ਮੁੱਖ ਮੰਤਰੀ ਚੁਣੇ ਗਏ ਹਨ। ਪੰਜਾਬ ਅਸੈਂਬਲੀ ਦੇ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ਨੇ ਪਾਕਿਸਤਾਨ ਮੁਸਲਿਮ ਲੀਗ ਕਾਇਦ (ਪੀਐੱਮਐੱਲ-ਕਿਊ) ਦੇ ਆਗੂ ਚੌਧਰੀ ਪਰਵੇਜ਼ ਇਲਾਹੀ ਸਣੇ ਦਸ ਹੋਰਨਾਂ ਮੈਂਬਰਾਂ ਦੀ ਵੋਟ ਰੱਦ ਕਰ ਦਿੱਤੀ। ਪੰਜਾਬ ਅਸੈਂਬਲੀ ਵਿੱਚ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਡਿਪਟੀ ਸਪੀਕਰ ਮੁਹੰਮਦ ਮਜ਼ਾਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਵਿੱਚ ਪੀਐੱਮਐੱਲ-ਕਿਊ ਆਗੂ ਚੌਧਰੀ ਪਰਵੇਜ਼ ਇਲਾਹੀ ਦੀ ਵੋਟ ਨਹੀਂ ਗਿਣੀ ਜਾਵੇਗੀ। ਮਜ਼ਾਰੀ ਮੁਤਾਬਕ ਪੀਟੀਆਈ ਤੇ ਪੀਐੱਮਐੱਲ-ਕਿਊ ਦੇ ਸਾਂਝੇ ਉਮੀਦਵਾਰ ਪਰਵੇਜ਼ ਇਲਾਹੀ ਨੂੰ 186 ਵੋਟਾਂ ਮਿਲੀਆਂ ਸਨ ਜਦੋਂਕਿ ਹਮਜ਼ਾ ਸ਼ਰੀਫ਼ ਨੂੰ 179 ਵੋਟਾਂ ਮਿਲੀਆਂ। ਹਾਲਾਂਕਿ ਡਿਪਟੀ ਸਪੀਕਰ ਨੇ ਪੀਐੱਮਐੱਲ ਕਿਊ ਦੀਆਂ 10 ਵੋਟਾਂ ਰੱਦ ਕਰ ਦਿੱਤੀਆਂ, ਜਿਸ ਕਰਕੇ ਇਲਾਹੀ ਧੜੇ ਦੀਆਂ ਵੋਟਾਂ ਦੀ ਗਿਣਤੀ 176 ਰਹਿ ਗਈ। ਅਸੈਂਬਲੀ ਵਿੱਚ ਨਤੀਜਿਆਂ ਦਾ ਐਲਾਨ ਕਰਨ ਤੋਂ ਪਹਿਲਾਂ ਮਜ਼ਾਰੀ ਨੇ ਪਾਰਟੀ ਆਗੂ ਚੌਧਰੀ ਸ਼ੁਜਾਤ ਦਾ ਪੱਤਰ ਪੜ੍ਹਿਆ। ਪੱਤਰ ਵਿੱਚ ਪੀਐੱਮਐੱਲ ਆਗੂ ਨੇ ਆਪਣੇ ਸਾਰੇ ਸੂਬਾਈ ਮੈਂਬਰਾਂ ਨੂੰ ਮੁਹੰਮਦ ਹਮਜ਼ਾ ਸ਼ਾਹਬਾਜ਼ ਸ਼ਰੀਫ਼ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਸੀ। ਇਸ ਪੱਤਰ ਦੇ ਆਧਾਰ ’ਤੇ ਮਜ਼ਾਰੀ ਨੇ 10 ਪੀਐੱਮਐੱਲ-ਕਾਇਦ ਆਗੂਆਂ ਵੱਲੋਂ ਪਾਈਆਂ ਵੋਟਾਂ ਨੂੰ ਰੱਦ ਕਰ ਦਿੱਤਾ। ਜਿਨ੍ਹਾਂ 10 ਮੈਂਬਰਾਂ ਦੀ ਵੋਟ ਨਹੀਂ ਗਿਣੀ ਗਈ, ਉਨ੍ਹਾਂ ਵਿੱਚ ਹਾਫ਼ਿਜ਼ ਅੱਮਾਰ ਯਾਸਿਰ, ਸ਼ੁਜਾ ਨਵਾਜ਼, ਮੁਹੰਮਦ ਅਬਦੁੱਲਾ ਵੜੈਚ, ਪਰਵੇਜ਼ ਇਲਾਹੀ, ਮੁਹੰਮਦ ਰਿਜ਼ਵਾਨ, ਸੱਜਾਦ ਸਾਜਿਦ ਅਹਿਮਦ ਖਾਨ, ਅਹਿਸਾਨੁੱਲ੍ਹਾ ਚੌਧਰੀ, ਮੁਹੰਮਦ ਅਫ਼ਜ਼ਲ, ਬਿਸਮਾਹ ਚੌਧਰੀ ਤੇ ਖਦੀਜਾ ਉਮਰ ਸ਼ਾਮਲ ਹਨ। ਇਸ ਤੋਂ ਪਹਿਲਾਂ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੂੰ ਮਿਲੇ ਫ਼ਤਵੇ ਨੂੰ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਕ ਵਿੱਚ ‘ਸ੍ਰੀਲੰਕਾ ਵਰਗਾ ਸੰਕਟ’ ਬਣ ਸਕਦਾ ਹੈ। ਲਹਿੰਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸੱਤਾਧਾਰੀ ਗੱਠਜੋੜ ਵੱਲੋਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਪੁੱਤਰ ਹਮਜ਼ਾ ਸ਼ਰੀਫ਼ ਜਦੋਂਕਿ ਖ਼ਾਨ ਦੀ ਪੀਟੀਆਈ ਗੱਠਜੋੜ ਤੋਂ ਚੌਧਰੀ ਪਰਵੇਜ਼ ਇਲਾਹੀ ਮੈਦਾਨ ਵਿੱਚ ਸਨ। -ਪੀਟੀਆਈ