ਇਸਤਾਂਬੁਲ: ਤੁਰਕੀ ਦੀ ਇਕ ਅਦਾਲਤ ਨੇ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ ਦੋ ਸਾਬਕਾ ਸਾਥੀਆਂ ਅਤੇ 18 ਹੋਰਾਂ ਖ਼ਿਲਾਫ਼ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਹੀ ਖ਼ਸ਼ੋਗੀ ਹੱਤਿਆ ਮਾਮਲੇ ਦੀ ਸੁਣਵਾਈ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ 2018 ਵਿਚ ‘ਵਾਸ਼ਿੰਗਟਨ ਪੋਸਟ’ ਲਈ ਲਿਖਣ ਵਾਲੇ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਤੁਰਕੀ ਵਿਚ ਹੱਤਿਆ ਕਰ ਦਿੱਤੀ ਗਈ ਸੀ। ਤੁਰਕੀ ਦੇ ਜਾਂਚਕਰਤਾਵਾਂ ਨੇ 20 ਸਾਊਦੀ ਨਾਗਰਿਕਾਂ ਨੂੰ ਇੱਥੇ ਸਥਿਤ ਦੂਤਾਵਾਸ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਸ਼ਹਿਜ਼ਾਦਾ ਸਲਮਾਨ ਵੀ ਸ਼ੱਕ ਦੇ ਘੇਰੇ ਵਿਚ ਹੈ। ਵਕੀਲਾਂ ਨੇ ਸੁਣਵਾਈ ਦੌਰਾਨ ਮੁਲਜ਼ਮਾਂ ਲਈ ਉਮਰ ਕੈਦ ਦੀ ਸਜ਼ਾ ਮੰਗੀ ਹੈ। ਹਾਲਾਂਕਿ ਸਾਰੇ ਤੁਰਕੀ ਛੱਡ ਚੁੱਕੇ ਹਨ। ਸਾਊਦੀ ਅਰਬ ਨੇ ਸ਼ੱਕੀਆਂ ਦੀ ਹਵਾਲਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। -ਏਪੀ