ਮਿਨੀਪੋਲਿਸ (ਅਮਰੀਕਾ), 16 ਨਵੰਬਰ
ਕਰੀਬ ਢਾਈ ਸਾਲ ਪਹਿਲਾਂ ਗ਼ੈਰਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਜਾਨ ਗੁਆਉਣ ਵਾਲੇ ਭਾਰਤੀ ਪਰਿਵਾਰ ਦੇ ਮਾਮਲੇ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋਵੇਗੀ। ਅਮਰੀਕੀ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਂਝ ਉਨ੍ਹਾਂ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਵਕੀਲਾਂ ਮੁਤਾਬਕ ਉਨ੍ਹਾਂ ’ਤੇ ਭਾਰਤੀਆਂ ਦੇ ਪੰਜ ਗਰੁੱਪਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਉਣ ਦਾ ਦੋਸ਼ ਹੈ। ਮਨੁੱਖੀ ਤਸਕਰ ਹਰਸ਼ ਕੁਮਾਰ ਪਟੇਲ ਅਤੇ ਅਮਰੀਕੀ ਡਰਾਈਵਰ ਸਟੀਵ ਸ਼ੈਂਡ ਨੇ ਅਮਰੀਕਾ ’ਚ 19 ਜਨਵਰੀ, 2022 ਨੂੰ ਪਟੇਲ ਪਰਿਵਾਰ ਸਮੇਤ 11 ਭਾਰਤੀਆਂ ਨੂੰ ਅਮਰੀਕਾ ਅੰਦਰ ਪਹੁੰਚਾਉਣਾ ਸੀ ਪਰ ਸਿਰਫ਼ ਸੱਤ ਭਾਰਤੀ ਹੀ ਬਚ ਸਕੇ ਸਨ। ਜਨਵਰੀ 2022 ’ਚ ਗੁਜਰਾਤ ਨਾਲ ਸਬੰਧਤ ਜਗਦੀਸ਼ ਪਟੇਲ, ਉਸ ਦੀ ਪਤਨੀ ਅਤੇ ਦੋ ਬੱਚਿਆਂ ਨੇ ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਹ ਸੁੰਨਸਾਨ ਬਰਫ਼ੀਲੇ ਰਾਹ ’ਤੇ ਹਨੇਰੇ ’ਚ ਖੇਤਾਂ ਤੋਂ ਹੁੰਦੇ ਹੋਏ ਇਕ ਵੈਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ । -ਏਪੀ