ਲਾਹੌਰ, 9 ਜਨਵਰੀ
ਪਾਕਿਸਤਾਨ ਦੇ ਮਸ਼ਹੂਰ ਪਹਾੜੀ ਇਲਾਕੇ ਮੱਰੀ ’ਚ ਭਿਆਨਕ ਬਰਫਬਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਅੱਜ 23 ਹੋ ਗਈ ਹੈ। ਇੱਕ ਬੱਚੀ ਦੀ ਗੰਭੀਰ ਜ਼ੁਕਾਮ ਤੇ ਨਿਮੋਨੀਆ ਕਾਰਨ ਮੌਤ ਹੋ ਗਈ। ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ।
ਪੰਜਾਬ ਦੇ ਰਾਵਲਪਿੰਡੀ ਦੇ ਮੱਰੀ ਸ਼ਹਿਰ ’ਚ ਵੱਡੀ ਗਿਣਤੀ ’ਚ ਸੈਲਾਨੀ ਪਹੁੰਚੇ ਹੋਏ ਸਨ ਅਤੇ ਇਸੇ ਦੌਰਾਨ ਭਿਆਨਕ ਬਰਫ਼ਬਾਰੀ ਹੋ ਗਈ ਜਿਸ ਕਾਰਨ ਗੱਡੀਆਂ ਫਸ ਗਈਆਂ ਤੇ ਪ੍ਰਸ਼ਾਸਨ ਬੇਵੱਸ ਹੋ ਗਿਆ। ਇਸ ਘਟਨਾ ’ਚ 10 ਬੱਚਿਆਂ ਸਮੇਤ 23 ਜਣਿਆਂ ਦੀ ਮੌਤ ਹੋ ਗਈ ਹੈ। ਬਚਾਅ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਘੱਟੋ ਘੱਟ 23 ਲੋਕਾਂ ਦੀ ਮੌਤ ਹੋਈ ਹੈ ਅਤੇ ਵਾਹਨ ਕਈ ਫੁੱਟ ਬਰਫ਼ ’ਚ ਫਸ ਗਏ ਹਨ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇੱਕ ਬਿਆਨ ’ਚ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੰਤਰੀ ਨੇ ਕਿਹਾ ਕਿ ਹਾਲਾਤ ਨੂੰ ਸਿਰਫ਼ ਕੁਦਰਤੀ ਆਫ਼ਤ ਕਿਹਾ ਜਾ ਸਕਦਾ ਹੈ ਅਤੇ ਇਸ ਖੇਤਰ ’ਚ ਬਹੁਤ ਜ਼ਿਆਦਾ ਬਰਫ਼ਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਬਰਫ਼ਬਾਰੀ ਕਾਰਨ ਕਾਰਾਂ ਮੱਰੀ ਨਹੀਂ ਜਾ ਸਕੀਆਂ ਤਾਂ ਲੋਕਾਂ ਨੇ ਪੈਦਲ ਹੀ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਉਹ ਬਰਫ਼ ਕਾਰਨ ਚੱਲ ਨਹੀਂ ਸਕੇ।
ਮੰਤਰੀ ਅਨੁਸਾਰ ਮੌਤਾਂ ਦਾ ਕਾਰਨ ਸਾਹ ਰੁਕਣਾ ਹੈ। ਪ੍ਰਧਾਨ ਮੰਤਰੀ ਦੇ ਸਹਿਯੋਗੀ ਸ਼ਹਬਿਾਜ਼ ਗਿੱਲ ਨੇ ਕਿਹਾ ਕਿ ਜਦੋਂ ਭਾਰੀ ਬਰਫ਼ਬਾਰੀ ਹੋਣ ਲੱਗੀ ਤਾਂ ਲੋਕਾਂ ਨੇ ਆਪਣੀਆਂ ਕਾਰਾਂ ਸੜਕਾਂ ’ਤੇ ਹੀ ਛੱਡ ਦਿੱਤੀਆਂ ਅਤੇ ਹੋਟਲਾਂ ’ਚ ਚਲੇ ਗਏ ਜਿਸ ਕਾਰਨ ਆਵਾਜਾਈ ਜਾਮ ਹੋ ਗਈ। ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਅਣਕਿਆਸੀ ਬਰਫ਼ਬਾਰੀ ਤੇ ਰਿਕਾਰਡ ਗਿਣਤੀ ’ਚ ਸੈਲਾਨੀ ਪਹੁੰਚਣ ਕਾਰਨ ਸਥਾਨਕ ਪ੍ਰਸ਼ਾਸਨ ਲਈ ਹਾਲਾਤ ਸੰਭਾਲਣੇ ਅਸੰਭਵ ਹੋ ਗਏ। ਉਨ੍ਹਾਂ ਕਿਹਾ ਿਕ ਮੌਸਮ ਠੀਕ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਸਕਣ। -ਪੀਟੀਆਈ