ਕਾਠਮੰਡੂ, 11 ਜੁਲਾਈ
ਪੂਰਬੀ ਨੇਪਾਲ ’ਚ ਮਾਊਂਟ ਐਵਰੈਸਟ ਨੇੜੇ ਇਕ ਪ੍ਰਾਈਵੇਟ ਕਮਰਸ਼ੀਅਲ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਮੈਕਸੀਕੋ ਨਿਵਾਸੀ ਇਕ ਪਰਿਵਾਰ ਦੇ ਪੰਜ ਮੈਂਬਰਾਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਡਿੱਗਣ ਮਗਰੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ ਅਤੇ ਉਸ ਮਗਰੋਂ ਅੱਗ ਲੱਗ ਗਈ ਸੀ। ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਕਰ ਲਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਹਾਦਸਾ ਵਾਪਰਿਆ। ਅਧਿਕਾਰੀ ਨੇ ਕਿਹਾ ਕਿ ਹੈਲੀਕਾਪਟਰ ਦੇ ਪਾਇਲਟ ਕੈਪਟਨ ਚੇਤ ਬਹਾਦਰ ਗੁਰੰਗ ਦੀ ਵੀ ਮੌਤ ਹੋ ਗਈ ਹੈ। ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ਦੇ ਮੈਨੇਜਰ ਗਿਆਨੇਂਦਰ ਨੇ ਦੱਸਿਆ ਕਿ ਮਨਾਂਗ ਏਅਰ ਐੱਨਏ-ਐੱਮਵੀ ਹੈਲੀਕਾਪਟਰ ਨੇ ਸੋਲੂਖੰਬੂ ਜ਼ਿਲ੍ਹੇ ਦੇ ਸੁਰਕੇ ਹਵਾਈ ਅੱਡੇ ਤੋਂ ਸਵੇਰੇ 10.4 ਵਜੇ ਕਾਠਮੰਡੂ ਲਈ ਉਡਾਣ ਭਰੀ ਸੀ ਤੇ ਕਰੀਬ 10.13 ਵਜੇ 12 ਹਜ਼ਾਰ ਫੁੱਟ ਦੀ ਉਚਾਈ ’ਤੇ ਅਚਾਨਕ ਇਸ ਦਾ ਸੰਪਰਕ ਟੁੱਟ ਗਿਆ। ਹੈਲੀਕਾਪਟਰ ਲਿਖੂਪਾਇਕੇ ਰੂਰਲ ਮਿਊਂਸਿਪੈਲਿਟੀ ਦੇ ਲਾਮਜੂਰਾ ਇਲਾਕੇ ’ਚ ਹਾਦਸਾਗ੍ਰਸਤ ਹੋਇਆ। ਟੀਆਈਏ ਦੇ ਤਰਜਮਾਨ ਟਕੇਨਾਥ ਸਿਤੌਲਾ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸਾਰੀਆਂ ਛੇ ਲਾਸ਼ਾਂ ਮਿਲ ਗਈਆਂ ਹਨ। ਹੈਲੀਕਾਪਟਰ ’ਚ ਪਹਾੜਾਂ ਦਾ ਨਜ਼ਾਰਾ ਦੇਖਣ ਮਗਰੋਂ ਇਹ ਲੋਕ ਸੁਰਕੇ ਤੋਂ ਕਾਠਮੰਡੂ ਪਰਤ ਰਹੇ ਸਨ। ਦੋ ਹੈਲੀਕਾਪਟਰਾਂ ਨੂੰ ਬਚਾਅ ਕਾਰਜਾਂ ਲਈ ਹਾਦਸੇ ਵਾਲੀ ਥਾਂ ’ਤੇ ਭੇਜਿਆ ਗਿਆ ਸੀ ਪਰ ਮੌਸਮ ਖ਼ਰਾਬ ਹੋਣ ਕਾਰਨ ਉਹ ਉਥੇ ਉਤਰ ਨਹੀਂ ਸਕੇ। -ਪੀਟੀਆਈ