ਨਿਊਯਾਰਕ, 6 ਅਗਸਤ
ਅਮਰੀਕਾ ਦੇ ਸ਼ਿਕਾਗੋ ’ਚ ਭਾਰਤੀ ਕੌਂਸਲੇਟ ਜਨਰਲ ਨੇ ਹੈਦਰਾਬਾਦ ਦੀ ਰਹਿਣ ਵਾਲੀ ਉਸ ਵਿਦਿਆਰਥਣ ਨੂੰ ਮੈਡੀਕਲ ਮਦਦ ਮੁਹੱਈਆ ਕਰਨ ਤੇ ਭਾਰਤ ਵਾਪਸ ਜਾਣ ’ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਜੋ ਕਥਿਤ ਤੌਰ ’ਤੇ ਤਣਾਅ ਨਾਲ ਜੂਝ ਰਹੀ ਹੈ। ਤਿਲੰਗਾਨਾ ਦੀ ਰਹਿਣ ਵਾਲੀ ਸਯਦਾ ਲੁਲੂ ਮਿਨਹਾਜ ਜ਼ੈਦੀ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਆਈ ਸੀ ਤੇ ਉਸ ਨੂੰ ਸ਼ਿਕਾਗੋ ’ਚ ਸੜਕ ’ਤੇ ਭੁਖਮਰੀ ਦੀ ਹਾਲਤ ’ਚ ਦੇਖਿਆ ਗਿਆ ਸੀ। ਜ਼ੈਦੀ ਦੀ ਮਾਂ ਨੇ ਆਪਣੀ ਧੀ ਦੀ ਵਤਨ ਵਾਪਸੀ ’ਚ ਮਦਦ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਮਦਦ ਮੰਗੀ ਸੀ। ਸ਼ਿਕਾਗੋ ’ਚ ਭਾਰਤੀ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ’ਤੇ ਦੱਸਿਆ, ‘ਸਾਨੂੰ ਖੁਸ਼ੀ ਹੈ ਕਿ ਅਸੀਂ ਜ਼ੈਦੀ ਨਾਲ ਸੰਪਰਕ ਕਰਨ ’ਚ ਸਫਲ ਰਹੇ। ਅਸੀਂ ਉਸ ਨੂੰ ਮੈਡੀਕਲ ਮਦਦ ਮੁਹੱਈਆ ਕਰਨ ਤੇ ਭਾਰਤ ਯਾਤਰਾ ਸਮੇਤ ਹੋਰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਹ ਹੁਣ ਤੰਦਰੁਸਤ ਹੈ ਤੇ ਉਸ ਨੇ ਭਾਰਤ ’ਚ ਆਪਣੀ ਮਾਂ ਨਾਲ ਗੱਲ ਕੀਤੀ ਹੈ।’ -ਪੀਟੀਆਈ