ਹੀਰੋਸ਼ੀਮਾ, 5 ਅਗਸਤ
ਲੀ ਜੌਂਗ-ਕਿਉਂ(92) ਪਿਛਲੇ ਸੱਤ ਦਹਾਕਿਆਂ ਤੋਂ ਆਪਣੇ ਇਸ ਅਤੀਤ ਨੂੰ ਲੁਕਾਉਂਦਾ ਰਿਹਾ ਕਿ ਉਸ ਨੇ ਹੀਰੋੋਸ਼ੀਮਾ ਪ੍ਰਮਾਣੂ ਬੰਬ ਧਮਾਕੇ ਨੂੰ ਹੱਡੀਂ ਹੰਢਾਇਆ ਹੈ। ਪਰ ਸੱਤ ਸਾਲ ਪਹਿਲਾਂ ਜਦੋਂ ਉਹ 85 ਸਾਲਾ ਦਾ ਹੋਇਆ ਤਾਂ ਉਸ ਨੇ ਆਪਣੇ ਅਤੀਤ ਤੋਂ ਪਰਦਾ ਚੁੱਕ ਦਿੱਤਾ। ਅਤੀਤ ਛੁਪਾਉਣ ਦਾ ਮੁੱਖ ਕਾਰਨ ਧਮਾਕਾ ਪੀੜਤਾਂ ਨਾਲ ਵੱਡੇ ਪੱਧਰ ’ਤੇ ਹੁੰਦਾ ਪੱਖਪਾਤ ਸੀ, ਜੋ ਜਾਪਾਨ ਵਿੱਚ ਲੰਮਾ ਸਮਾਂ ਹੁੰਦਾ ਰਿਹੈ। ਲੀ ਤੇਜ਼ੀ ਨਾਲ ਸੁੰਗੜਦੇ ਜਾ ਰਹੇ ‘ਹਬਿਾਕੁਸ਼ਾ’ ਨਾਂ ਦੇ ਸਮੂਹ ਦਾ ਹਿੱਸਾ ਹੈ, ਜੋ ਇਹ ਮਹਿਸੂਸ ਕਰਦਾ ਹੈ ਕਿ ਜੇਕਰ ਉਨ੍ਹਾਂ ਆਪਣੀ ਕਹਾਣੀਆਂ ਹੁਣ ਨਾ ਦੱਸੀਆਂ ਤਾਂ ਸ਼ਾਇਦ ਇਹ ਉਨ੍ਹਾਂ ਦੇ ਨਾਲ ਹੀ ਖ਼ਤਮ ਹੋ ਜਾਣ। 75 ਸਾਲ ਪਹਿਲਾਂ ਇਸ ਖ਼ੌਫ਼ਨਾਕ ਮੰਜ਼ਰ ਨੂੰ ਅੱਖੀਂ ਦੇਖਣ ਵਾਲੇ ਇਹ ਲੋਕ ਨੌਜਵਾਨ ਪੀੜ੍ਹੀ ਤਕ ਰਸਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਨਵੀਂ ਪੀੜ੍ਹੀ ਇਸ ਖੌਫ਼ਨਾਕ ਘਟਨਾ ਨੂੰ ਭੁੱਲਦੀ ਜਾ ਰਹੀ ਹੈ। ਅਮਰੀਕਾ ਨੇ 6 ਤੇ 9 ਅਗਸਤ 1945 ਨੂੰ ਕ੍ਰਮਵਾਰ ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਪ੍ਰਮਾਣੂ ਬੰਬ ਸੁੱਟੇ ਸੀ, ਜਿਸ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਸੀ।
ਸਮੂਹ ਵਿੱਚ ਸ਼ਾਮਲ ਵਿਅਕਤੀਆਂ ਦੀ ਔਸਤਨ ਉਮਰ 83 ਸਾਲ ਤੋਂ ਵੱਧ ਹੈ ਤੇ ਇਨ੍ਹਾਂ ਵਿੱਚੋਂ ਕਈ ਅਜੇ ਵੀ ਪ੍ਰਮਾਣੂ ਤਰੰਗਾਂ ਦੀ ਮਾਰ ਹੇਠ ਆਉਣ ਦਾ ਅਸਰ ਝੱਲ ਰਹੇ ਹਨ। ਅਸਾਹੀ ਨਾਂ ਦੇ ਅਖ਼ਬਾਰ ਵੱਲੋਂ ਪ੍ਰਮਾਣੂ ਹਮਲਾ ਹੱਡੀਂ ਹੰਢਾਉਣ ਵਾਲੇ 768 ਵਿਅਕਤੀਆਂ ’ਤੇ ਕੀਤੇ ਸਰਵੇਖਣ ਮੁਤਾਬਕ ਇਨ੍ਹਾਂ ਵਿੱਚੋਂ ਦੋ-ਤਿਹਾਈ ਦਾ ਇਹ ਕਹਿਣਾ ਹੈ ਕਿ ‘ਪ੍ਰਮਾਣੂ ਮੁਕਤ’ ਵਿਸ਼ਵ ਦੀ ਉਨ੍ਹਾਂ ਦੀ ਖਾਹਿਸ਼ ਨੂੰ ਮਨੁੱਖਤਾ ਨੇ ਉਸ ਤਰੀਕੇ ਨਾਲ ਅੱਗੇ ਸਾਂਝਾ ਨਹੀਂ ਕੀਤਾ। ਇਨ੍ਹਾਂ ਵਿੱਚੋਂ 70 ਫੀਸਦ ਇਹ ਕਹਿੰਦੇ ਹਨ ਕਿ ਜਾਪਾਨ ਦੀ ਸਰਕਾਰ ਪ੍ਰਮਾਣੂ ਹਥਿਆਰਾਂ ’ਤੇ ਪਾਬੰਦੀ ਨਾਲ ਸਬੰਧਤ ਕਰਾਰ ਨੂੰ ਤਸਦੀਕ ਕਰੇ। ਕੋਕੋ ਕੋਂਡੋ(75) ਹੀਰੋਸ਼ੀਮਾ ’ਤੇ ਪ੍ਰਮਾਣੂ ਬੰਬ ਸੁੱਟੇ ਜਾਣ ਮੌਕੇ ਅੱਠ ਮਹੀਨਿਆਂ ਦਾ ਆਪਣੀ ਮਾਂ ਦੀ ਗੋਦ ’ਚ ਖੇਡਦਾ ਸੀ। ਧਮਾਕਾ ਉਸ ਦੇ ਘਰ ਤੋਂ ਲਗਪਗ ਇਕ ਕਿਲੋਮੀਟਰ ਦੂਰ ਹੋਇਆ ਸੀ, ਪਰ ਇਹ ਇੰਨਾ ਜ਼ੋਰਦਾਰ ਸੀ ਕਿ ਉਸ ਦਾ ਘਰ ਢਹਿ ਢੇਰੀ ਹੋ ਗਿਆ। -ਪੀਟੀਆਈ