ਹਾਂਗਕਾਂਗ, 19 ਸਤੰਬਰ
ਹਾਂਗਕਾਂਗ ਦੇ ਚੋਣਵੇਂ ਨਿਵਾਸੀਆਂ ਨੇ ਚੋਣ ਕਮੇਟੀ ਦੇ ਮੈਂਬਰਾਂ ਨੂੰ ਚੁਣਨ ਲਈ ਅੱਜ ਵੋਟਾਂ ਪਾਈਆਂ। ਇਹ ਕਮੇਟੀ ਸ਼ਹਿਰ ਦੇ ਆਗੂ ਨੂੰ ਚੁਣਦੀ ਹੈ। ਹਾਂਗਕਾਂਗ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲੈਮ ਨੇ ਸੁਧਾਰਾਂ ਤੋਂ ਬਾਅਦ ਹੋਈਆਂ ਚੋਣਾਂ ਨੂੰ ‘ਕਾਫ਼ੀ ਸਾਰਥਕ’ ਦੱਸਿਆ ਹੈ। ਚੋਣ ਕਮੇਟੀ ਦਸੰਬਰ ਵਿਚ ਚੋਣਾਂ ਦੌਰਾਨ ਸ਼ਹਿਰ ਦੀ ਵਿਧਾਨਪਾਲਿਕਾ ਦੇ 90 ਵਿਚੋਂ 40 ਮੈਂਬਰਾਂ ਦੀ ਚੋਣ ਕਰੇਗੀ। ਇਸ ਦੇ ਨਾਲ ਹੀ ਅਗਲੇ ਸਾਲ ਮਾਰਚ ਵਿਚ ਹੋਣ ਵਾਲੀਆਂ ਚੋਣਾਂ ਵਿਚ ਹਾਂਗਕਾਂਗ ਦੇ ਆਗੂ ਦੀ ਚੋਣ ਵੀ ਇਹ ਕਰੇਗੀ। ਵੱਖ-ਵੱਖ ਕੰਮਾਂ ਤੇ ਉਦਯੋਗਾਂ ਦੀ ਨੁਮਾਇੰਦਗੀ ਕਰਨ ਵਾਲੇ ਕਰੀਬ 4900 ਵੋਟਰ , 1500 ਮੈਂਬਰਾਂ ਵਾਲੀ ਚੋਣ ਕਮੇਟੀ ਵਿਚ 364 ਸੀਟਾਂ ਲਈ ਮਹਿਜ਼ 412 ਉਮੀਦਵਾਰ ਹੀ ਚੁਣਨਗੇ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲੈਮ ਮਾਰਚ ਵਿਚ ਹੋਣ ਵਾਲੀਆਂ ਚੋਣਾਂ ਵਿਚ ਖੜ੍ਹੀ ਹੋਵੇਗੀ ਜਾਂ ਨਹੀਂ। ਦੱਸਣਯੋਗ ਹੈ ਕਿ ਮਈ ਵਿਚ ਵਿਧਾਨਪਾਲਿਕਾ ਨੇ ਇਹ ਯਕੀਨੀ ਬਣਾਉਣ ਲਈ ਹਾਂਗਕਾਂਗ ਦੇ ਚੋਣ ਕਾਨੂੰਨ ਵਿਚ ਸੋਧ ਕੀਤੀ ਸੀ ਕਿ ਕੇਵਲ ‘ਦੇਸ਼ਭਗਤ’ ਮਤਲਬ ਚੀਨ ਪ੍ਰਤੀ ਵਫ਼ਾਦਾਰ ਲੋਕ ਹੀ ਚੋਣਾਂ ਵਿਚ ਹਿੱਸਾ ਲੈਣ। ਲੈਮ ਨੇ ਕਿਹਾ ਕਿ ਅੱਜ ਚੋਣ ਕਮੇਟੀ ਲਈ ਹੋ ਰਹੀ ਚੋਣ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਚੋਣ ਵਿਵਸਥਾ ਵਿਚ ਸੁਧਾਰ ਤੋਂ ਬਾਅਦ ਪਹਿਲੀਆਂ ਚੋਣਾਂ ਹਨ। ਇਹ ਸੁਧਾਰ ਇਹ ਯਕੀਨੀ ਬਣਾਉਣ ਲਈ ਕੀਤੇ ਗਏ ਹਨ ਕਿ ਕੇਵਲ ਦੇਸ਼ਭਗਤ ਹੀ ਚੁਣੇ ਜਾਣ। -ਏਪੀ