ਹਾਂਗਕਾਂਗ: ਇੱਥੇ ਚੀਨ ਦੇ ਨਵੇਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਹਾਂਗਕਾਂਗ ਵਿੱਚ ਰਾਜਸੀ ਵਿਰੋਧੀ ਧਿਰ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਯੂਨਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਨੌਕਰੀ ਤੋਂ ਜੁਆਬ ਦੇ ਦਿੱਤਾ ਗਿਆ ਹੈ। ਹਾਂਗਕਾਂਗ ਯੂਨੀਵਰਸਿਟੀ ਕੌਂਸਲ ਨੇ ਐਸੋਸੀਏਟ ਲਾਅ ਪ੍ਰੋਫੈਸਰ ਬੈਨੀ ਤਾਈ ਨੂੰ 8-12 ਵੋਟਾਂ ਦੇ ਫ਼ਰਕ ਨਾਲ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਸਾਲ 2014 ਵਿੱਚ ਇੱਕਸਮਾਨ ਮਤਅਧਿਕਾਰ ਮੁਹਿੰਮ ’ਚ ਹਿੱਸਾ ਲੈਣ ਕਾਰਨ ਤਾਈ ਸਮੇਤ 9 ਆਗੂਆਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ ਤੇ ਅਪਰੈਲ 2019 ’ਚ ਅਦਾਲਤ ਵੱਲੋਂ ਸਜ਼ਾ ਸੁਣਾਉਣ ਤੋਂ ਬਾਅਦ ਤਾਈ ਜ਼ਮਾਨਤ ’ਤੇ ਚੱਲ ਰਹੇ ਸਨ। ਅੱਜ ਫੇਸਬੁੱਕ ’ਤੇ ਪ੍ਰੋ. ਤਾਈ ਨੇ ਇੱਕ ਪੋਸਟ ਪਾ ਕੇ ਲੇਖਣੀ ਦਾ ਕੰਮ ਜਾਰੀ ਰੱਖਣ ਤੇ ਕਾਨੂੰਨੀ ਮਸਲਿਆਂ ’ਤੇ ਭਾਸ਼ਣ ਦੇਣ ਸਬੰਧੀ ਇੱਛਾ ਜ਼ਾਹਰ ਕਰਦਿਆਂ ਲੋਕਾਂ ਤੋਂ ਸਮਰਥਨ ਦੇਣ ਦੀ ਮੰਗ ਕੀਤੀ। -ਏਪੀ