ਸਾਂ ਫਰਾਂਸਿਸਕੋ/ਫੀਨਿਕਸ, 11 ਜੁਲਾਈ
ਅਮਰੀਕਾ ਦੇ ਪੱਛਮੀ ਰਾਜਾਂ ’ਚ ਇਸ ਹਫ਼ਤੇ ਦੇ ਅਖੀਰ ’ਚ ਇੱਕ ਵਾਰ ਫਿਰ ਗਰਮ ਹਵਾਵਾਂ ਚੱਲਣ ਨਾਲ ਵੱਧ ਤੋਂ ਵੱਧ ਤਾਪਮਾਨ ਵਧਣ ਕਾਰਨ ਉੱਤਰੀ ਕੈਲੀਫੋਰਨੀਆ ’ਚ ਜੰਗਲ ਦੀ ਅੱਗ ਬੁਝਾਉਣ ’ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਸਖਤ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਕਾਰਨ ਖੇਤਰ ਨੇੜਲੇ ਤੇ ਮਾਰੂਥਲੀ ਇਲਾਕੇ ’ਚ ਭਿਆਨਕ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉੱਧਰ ਅਮਰੀਕਾ ਦੇ ਰਾਜ ਐਰੀਜ਼ੋਨਾ ਦੇ ਜੰਗਲਾਂ ’ਚ ਲੱਗੀ ਅੱਗ ਬੁਝਾਉਣ ’ਚ ਜੁਟੇ ਦੋ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਪਿਛਲੇ ਹਫ਼ਤੇ ਲੱਗੀ ਇਹ ਅੱਗ 300 ਏਕੜ ਇਲਾਕੇ ’ਚ ਫੈਲ ਚੁੱਕੀ ਹੈ।
ਕੈਲੀਫੋਰਨੀਆ ਦੇ ਡੈੱਥ ਵੈਲੀ ਨੈਸ਼ਨਲ ਪਾਰਕ ’ਚ 54 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜੁਲਾਈ 1913 ਤੋਂ ਬਾਅਦ ਇਹ ਸਭ ਤੋਂ ਵੱਧ ਤਾਪਮਾਨ ਹੈ। ਬੈਕਵਰਥ ਕੰਪਲੈਕਸ ’ਚ ਲੱਗੀ ਅੱਗ ਲੇਕ ਤਾਹੋਏ ਦੇ ਉੱਤਰ ’ਚ 45 ਮੀਲ ਦਾ ਇਲਾਕਾ ਆਪਣੀ ਲਪੇਟ ’ਚ ਲੈ ਚੁੱਕੀ ਹੈ। ਕੈਲੀਫੋਰਨੀਆ ਦੇ ਉੱਤਰੀ ਪਰਬਤੀ ਇਲਾਕਿਆਂ ’ਚ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ ਜਿਸ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਵਾਰ ਹਾਲਾਂਕਿ ਕਿਸੇ ਵੀ ਮਕਾਨ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਨਹੀਂ ਹੈ ਪਰ ਪਲਮਾਸ ਨੈਸ਼ਨਲ ਫਾਰੈਸਟ ’ਚ ਤਕਰੀਬਨ 200 ਮੀਲ ਇਲਾਕਾ ਬੰਦ ਕਰਨ ਦੇ ਨਾਲ ਹੀ ਤਕਰੀਬਨ 2800 ਲੋਕਾਂ ਨੂੰ ਉੱਥੋਂ ਹਟਣ ਦਾ ਹੁਕਮ ਜਾ ਚਿਤਾਵਨੀ ਜਾਰੀ ਕੀਤੀ ਗਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮ ਹਵਾਵਾਂ ਅੱਗ ਹੋਰ ਭੜਕਾਉਣ ਦਾ ਕੰਮ ਕਰ ਰਹੀਆਂ ਹਨ ਅਤੇ ਗਰਮੀ ਤੇ ਘੱਟ ਨਮੀ ਕਾਰਨ ਅੱਗ ਬੁਝਾਉਣ ’ਚ ਮੁਸ਼ਕਿਲ ਆ ਰਹੀ ਹੈ।
ਇਸੇ ਦੌਰਾਨ ਐਰੀਜ਼ੋਨਾ ਦੇ ਜੰਗਲਾਂ ’ਚ ਲੱਗੀ ਅੱਗ ਬੁਝਾਉਣ ’ਚ ਜੁਟੇ ਦੋ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪ੍ਰੈੱਸਕਾਟ ਨੈਸ਼ਨਲ ਫਾਰੈਸਟ ਨੇੜੇ ਅੱਗ ਬੁਝਾਉਣ ’ਚ ਜੁਟਿਆ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। -ਏਪੀ