ਇਸਲਾਮਾਬਾਦ, 6 ਸਤੰਬਰ
ਬਲੋਚਿਸਤਾਨ ਵਿੱਚ ਔਰਤਾਂ ਦੇ ਹੱਕਾਂ ਦੀ ਰਖਵਾਲੀ ਅਤੇ ਉਨ੍ਹਾਂ ਉੱਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਤੇ ਹਾਅ ਦਾ ਨਾਅਰਾ ਮਾਰਨ ਵਾਲੀ ਮਹਿਲਾ ਪੱਤਰਕਾਰ ਤੇ ਸਮਾਜ ਸੇਵੀ ਸ਼ਾਹੀਨਾ ਸ਼ਾਹੀਨ ਬਲੋਚ ਦਾ ਊਸ ਦੇ ਪਤੀ ਨੇ ਕਥਿਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਮਹਿਲਾ ਪੱਤਰਕਾਰ ਬਲੋਚ ਭਾਸ਼ਾ ’ਚ ਨਿਕਲਦੇ ਰਸਾਲੇ ‘ਦਾਜ਼ਗੋਹਰ’ ਦੀ ਸੰਪਾਦਕ ਸੀ। ਇਹ ਘਟਨਾ ਸ਼ਨਿੱਚਰਵਾਰ ਨੂੰ ਕੀਚ ਜ਼ਿਲ੍ਹੇ ਦੇ ਹੈੱਡਕੁਆਰਟਰ ਤੁਰਬਤ ਵਿੱਚ ਵਾਪਰੀ। ਪੁਲੀਸ ਬਿਆਨ ਮੁਤਾਬਕ ਮਹਿਲਾ ਪੱਤਰਕਾਰ ਦਾ ਪਤੀ ਮਹਿਰਾਬ ਗਿਚਕੀ ਉਸ ਨੂੰ ਜ਼ਖ਼ਮੀ ਹਾਲਤ ’ਚ ਲੈ ਕੇ ਹਸਪਤਾਲ ਪੁੱਜਾ ਤੇ ਮਗਰੋਂ ਉਥੋਂ ਫਰਾਰ ਹੋ ਗਿਆ। ਹਸਪਤਾਲ ਪੁੱਜਣ ਮੌਕੇੇ ਬਲੋਚ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਚੁੱਕੀ ਸੀ। ਰੋਜ਼ਨਾਮਚਾ ਡਾਅਨ ਦੀ ਰਿਪੋਰਟ ਮੁਤਾਬਕ ਪੁਲੀਸ ਨੂੰ ਤੁਰਬਤ ਸਥਿਤ ਪੀਟੀਸੀਐਲ ਕਾਲੋਨੀ ਵਿਚਲੇ ਘਰ ’ਚੋਂ ਖੂਨ, ਗੋਲੀ ਦਾ ਖੋਲ ਤੇ ਇਕ ਗੋਲੀ ਮਿਲੀ ਹੈ। ਪੁਲੀਸ ਨੇ ਕੇਸ ਦਰਜ ਕਰਕੇ ਗਿਚਕੀ ਦੀ ਭਾਲ ਆਰੰਭ ਦਿੱਤੀ ਹੈ।