ਯੇਰੋਸ਼ਲਮ, 13 ਜੁਲਾਈ
‘ਆਈ2ਯੂ2’ ਗਰੁੱਪ ਦੀ ਵੀਰਵਾਰ ਨੂੰ ਹੋਣ ਜਾ ਰਹੀ ਪਹਿਲੀ ਉੱਚ-ਪੱਧਰੀ ਮੀਟਿੰਗ ਤੋਂ ਪਹਿਲਾਂ ਇਜ਼ਰਾਈਲ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਇਸ ਗਰੁੱਪ ਵਿੱਚ ਭਾਰਤ ਦੀ ਭਾਈਵਾਲੀ ਬਾਜ਼ੀ ਪਲਟਣ ਵਾਲੀ ਸਿੱਧ ਹੋ ਸਕਦੀ ਹੈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਰਚੁਅਲੀ ਹਿੱਸਾ ਲੈਣਗੇ। ਇਸ ਗਰੁੱਪ ਵਿੱਚ ਭਾਰਤ, ਇਜ਼ਰਾਈਲ, ਯੂਏਈ ਅਤੇ ਅਮਰੀਕਾ ਸ਼ਾਮਲ ਹਨ। ਗਰੁੱਪ ਦੀ ਸਥਾਪਨਾ ਅਕਤੂਬਰ 2021 ਵਿੱਚ ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲਕਦਮੀ ਸਦਕਾ ਕੀਤੀ ਗਈ ਸੀ। ਇਜ਼ਰਾਈਲ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੇਜਰ ਜਨਰਲ ਯਾਕੋਵ ਅਮੀਦੋਰ ਨੇ ਕਿਹਾ ਕਿ ਭਾਰਤ ਨਵੇਂ ਦੇਸ਼ਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਅਬਰਾਹਮ ਸਮਝੌਤਿਆਂ ਦੇ ਦਾਇਰੇ ਵਧਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਭਾਰਤ ਕੋਲ ਇਹ ਕਹਿ ਕੇ ਹੋਰ ਦੇਸ਼ਾਂ ਨੂੰ ਸਮਝਾਉਣ ਦੀ ਸਮਰੱਥਾ ਹੈ ਕਿ ਇਹ ਦੁਨੀਆ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਗਰੁੱਪ ਵਿੱਚ ਇਜ਼ਰਾਈਲ ਯੂਰਪ ਨੂੰ ਜੋੜਨ ਵਾਲਾ ਇੱਕ ਪੁਲ ਹੈ ਅਤੇ ਭਾਰਤ ਪੂਰੇ ਸੰਦਰਭ ਵਿੱਚ ਵੱਡਾ ਵਪਾਰਕ ਹਿੱਸੇਦਾਰ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਇਹ ਫ਼ੈਸਲਾ ਇਤਿਹਾਸਕ ਹੋ ਸਕਦਾ ਹੈ। ਇਸ ਵਰਚੁਅਲ ਮੀਟਿੰਗ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਇਰ ਲਾਪਿਦ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਵੀ ਹਿੱਸਾ ਲੈਣਗੇ। -ਪੀਟੀਆਈ
ਬਾਇਡਨ ਨੇ ਅਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਜਾਇਜ਼ਾ ਲਿਆ
ਤਲਅਵੀਵ: ਇਜ਼ਰਾਈਲ ਪੁੱਜਣ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਭ ਤੋਂ ਪਹਿਲਾਂ ਇਜ਼ਰਾਈਲ ਦੀ ਅਤਿ ਅਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦੇਖਣ ਪੁੱਜੇ। ਇਜ਼ਰਾਈਲ ਨੇ ਪਹਿਲਾਂ ਹੀ ਇਹ ਅਤਿ ਅਧੁਨਿਕ ਮਿਜ਼ਾਈਲ ਪ੍ਰਣਾਲੀ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਤਾਇਨਾਤ ਕੀਤੀ ਹੋਈ ਹੈ। ਇਹ ਪ੍ਰਣਾਲੀ ਲੰਬੀ ਦੂਰੀ ਦੇ ਮਿਜ਼ਾਈਲ ਹਮਲੇ ਅਤੇ ਰਾਕਟ ਹਮਲੇ ਰੋਕਣ ਦੇ ਸਮਰੱਥ ਹੈ। ਇਸ ਤੋਂ ਇਲਾਵਾ ਬਾਇਡਨ ਨੂੰ ‘ਅਧੁਨਿਕ ਆਇਰਨ ਬੀਮ’ ਸਿਸਟਮ ਤੋਂ ਵੀ ਜਾਣੁ ਕਰਵਾਇਆ ਗਿਆ। ਇਸ ਪ੍ਰਣਾਲੀ ਨੂੰ ਅਜੇ ਲਾਗੂ ਨਹੀਂ ਕੀਤਾ ਗਿਆ।