ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਇਕ ਇੰਟਰਵਿਊ ਵਿਚ ਕਿਹਾ ਕਿ ਯੂਕਰੇੇਨ ਦੇ ਫ਼ੌਜੀ ਬੇਮਿਸਾਲ ਹਿੰਮਤ ਦਿਖਾ ਰਹੇ ਹਨ। ਯੂਕਰੇਨ ਦਾ ਇਕ ਜਵਾਨ ਦਸ ਰੂਸੀਆਂ ਦਾ ਸਾਹਮਣਾ ਕਰ ਰਿਹਾ ਹੈ। ਇਕ ਯੂਕਰੇਨੀ ਟੈਂਕ ਦਾ ਟਾਕਰਾ 50 ਰੂਸੀ ਟੈਂਕਾਂ ਨਾਲ ਹੋ ਰਿਹਾ ਹੈ। ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਕਈ ਮੁਲਕ ਜ਼ੇਲੈਂਸਕੀ ਨੂੰ ਲੜਾਕੂ ਜਹਾਜ਼ ਦੇਣ ਬਾਰੇ ਸੋਚ ਰਹੇ ਹਨ ਜਿਸ ਦੀ ਉਸ ਨੇ ਮੰਗ ਕੀਤੀ ਸੀ। ਦੇਸ਼ ਦੇ ਨਾਂ ਇਕ ਸੰਬੋਧਨ ਵਿਚ ਜ਼ੇਲੈਂਸਕੀ ਨੇ ਕਿਹਾ ਕਿ ਉਹ ਕੀਵ ਵਿਚ ਹੀ ਹਨ ਤੇ ਲੁਕੇ ਨਹੀਂ ਹੋਏ ਹਨ। ਵੀਡੀਓ ਪੋਸਟ ਕਰ ਕੇ ਜ਼ੇਲੈਂਸਕੀ ਨੇ ਰਾਜਧਾਨੀ ਵਿਚਲੇ ਆਪਣੇ ਦਫ਼ਤਰ ਤੋਂ ਸ਼ਹਿਰ ਦੀ ਝਲਕ ਵੀ ਦਿਖਾਈ। ਉਨ੍ਹਾਂ ਕਿਹਾ, ‘ਮੈਂ ਕੀਵ ਵਿਚ ਹਾਂ। ਬੈਂਕੋਵਾ ਸਟ੍ਰੀਟ ’ਤੇ। ਮੈਂ ਲੁਕਿਆ ਨਹੀਂ ਹਾਂ। ਤੇ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ। ਦੇਸ਼ ਲਈ ਇਹ ਜੰਗ ਜਿੱਤਣ ਖਾਤਰ ਚਾਹੇ ਜੋ ਵੀ ਕਰਨਾ ਪਵੇ।’ -ਏਪੀ