ਵਾਸ਼ਿੰਗਟਨ, 25 ਮਾਰਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੈਕਸਿਕੋ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਹਾਂਡੂਰਸ ਤੋਂ ਪਰਵਾਸ ਦੇ ਕਾਰਨਾਂ ਅਤੇ ਹਾਲ ’ਚ ਹੀ ਦੱਖਣੀ ਅਮਰੀਕੀ ਸਰਹੱਦ ਤੋਂ ਪਰਵਾਸੀਆਂ ਦੇ ਵਾਧੇ ਦਾ ਹੱਲ ਲੱਭਣ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਣਨੀਤਕ ਮੁਹਿੰਮ ਦਾ ਚਾਰਜ ਦਿੱਤਾ ਹੈ। ਕਮਲਾ ਹੈਰਿਸ ਨੂੰ ਵਿਦੇਸ਼ ਨੀਤੀ ਸਬੰਧੀ ਸੌਂਪਿਆ ਗਿਆ ਇਹ ਪਹਿਲਾ ਵੱਡਾ ਮੁੱਦਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਵ੍ਹਾਈਟ ਹਾਊਸ ਦੱਖਣੀ ਸਰਹੱਦ ਨੇੜੇ ਕੇਂਦਰੀ ਅਮਰੀਕੀ ਦੇਸ਼ਾਂ ਤੋਂ ਪਰਵਾਸੀਆਂ, ਜਿਨ੍ਹਾਂ ਵਿੱਚ ਪਰਿਵਾਰ ਦੇ ਬਾਲਗ ਮੈਂਬਰਾਂ ਤੋਂ ਬਿਨਾਂ ਆ ਰਹੇ ਹਜ਼ਾਰਾਂ ਬੱਚੇ ਵੀ ਸ਼ਾਮਲ ਹਨ, ਦੀ ਗਿਣਤੀ ਵਧਣ ਨਾਲ ਸਿੱਝ ਰਿਹਾ ਹੈ। ਬਾਇਡਨ ਬੁੱਧਵਾਰ ਨੂੰ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਕਮਲਾ ਹੈਰਿਸ, ਜੋ ਅਮਰੀਕਾ ਵਿੱਚ ਦੁੂਜਾ ਸਭ ਤੋਂ ਵੱਡਾ ਅਟਾਰਨੀ ਜਨਰਲ ਦਫ਼ਤਰ ਚਲਾ ਰਹੀ ਹੈ, ਤੋਂ ਕਾਬਲ ਕੋਈ ਵੀ ਨਹੀਂ ਹੈ, ਜਿਹੜਾ ਪਰਵਾਸ ਦੇ ਮੁੱਦੇ ਨਾਲ ਨਜਿੱਠ ਸਕੇ। -ਏਪੀ
ਐਰੀਜ਼ੋਨਾ ਦੇ ਕਸਬੇ ਗਿਲਾ ਬੈਂਡ ’ਚ ਐਮਰਜੈਂਸੀ ਲਗਾਈ
ਫੋਨਿਕਸ: ਅਮਰੀਕਾ ਦੇ ਐਰੀਜ਼ੋਨਾ ਦੇ ਕਸਬੇ ਗਿਲਾ ਬੈਂਡ ’ਚ ਮੰਗਲਵਾਰ ਨੂੰ ਐਮਰਜੈਂਸੀ ਲਗਾ ਦਿੱਤੀ ਗਈ। ਅਮਰੀਕਾ ’ਚ ਸ਼ਰਨ ਲੈਣ ਦੇ ਚਾਹਵਾਨ ਵੱਡੀ ਗਿਣਤੀ ਪਰਵਾਸੀ ਪਰਿਵਾਰ ਅਤੇ ਬਿਨਾਂ ਕਿਸੇ ਸਾਥੀ ਤੋਂ ਬੱਚੇ ਐਰੀਜ਼ੋਨਾ ਦੀ ਮੈਕਸਿਕੋ ਨਾਲ ਲੱਗਦੀ ਸਰਹੱਦ ਨੇੜੇ ਗਿਲਾ ਬੈਂਡ ’ਚ ਅਤੇ ਹੋਰ ਭਾਈਚਾਰਿਆਂ ਕੋਲ ਇਕੱਠੇ ਹੋ ਰਹੇ ਹਨ, ਜੋ ਵੱਡੇ ਸ਼ਹਿਰਾਂ ਟੈਕਸਾਸ ਅਤੇ ਕੈਲੀਫੋਰਨੀਆ ’ਚ ਆਪਣੇ ਰਿਸ਼ਤੇਦਾਰਾਂ ਅਤੇ ਸਪਾਂਸਰਾਂ ਕੋਲ ਜਾਣ ਤੱਕ ਇੱਥੇ ਠਹਿਰ ਸਕਦੇ ਹਨ। ਯੁਮਾ ਤੇ ਟਕਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਲੋਕਾਂ ਦੀ ਮਦਦ ਲਈ ਅਮਰੀਕੀ ਪ੍ਰਸਾਸ਼ਨ ਵੱਲੋਂ ਟੈਂਟਾਂ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਮੰਗਲਵਾਰ ਨੂੰ ਐਮਰਜੈਂਸੀ ਦਾ ਐਲਾਨ ਕਰਦਿਆਂ ਗਿਲਾ ਬੈਂਡ ਦੇ ਮੇਅਰ ਕ੍ਰਿਸ ਰਿਗਸ ਨੇ ਦੱਸਿਆ ਕਿ ਪਰਵਾਸੀਆਂ ਦੀ ਮਦਦ ਲਈ ਕਸਬੇ ਕੋਲ ਸਾਧਨ ਤੇ ਫੰਡ ਨਹੀਂ ਹਨ। -ਏਪੀ