ਸਿਡਨੀ, 11 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੇ ਖੁੱਲ੍ਹੇ ਤੇ ਮੁਕਤ ਹਿੰਦ-ਪ੍ਰਸ਼ਾਂਤ ਯਕੀਨੀ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ। ਆਸਟਰੇਲੀਆ ਦੇ ਦੋ ਰੋਜ਼ਾ ਦੌਰੇ ’ਤੇ ਆਏ ਜੈਸ਼ੰਕਰ ਨੇ ਅੱਜ ਕੁੱਝ ਸਮਾਂ ਆਸਟਰੇਲਿਆਈ ਹਥਿਆਰਬੰਦ ਬਲਾਂ ਨਾਲ ਬਿਤਾਇਆ। ਭਾਰਤ, ਅਮਰੀਕਾ ਅਤੇ ਹੋਰ ਵਿਸ਼ਵ ਸ਼ਕਤੀਆਂ ਇਸ ਖੇਤਰ ਵਿੱਚ ਚੀਨ ਦੀ ਵਧਦੀ ਫੌਜੀ ਮੌਜੂਦਗੀ ਦਰਮਿਆਨ ਇੱਕ ਖੁੱਲ੍ਹੇ, ਮੁਕਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਹਨ। ਇਸ ਦੌਰਾਨ ਜੈਸ਼ੰਕਰ ਨੇ ਆਸਟਰੇਲਿਆਈ ਕ੍ਰਿਕਟਰ ਸਟੀਵ ਵੌ ਨਾਲ ਵੀ ਮੁਲਾਕਾਤ ਕੀਤੀ।
ਇੱਕ ਤਸਵੀਰ ਸਾਂਝੀ ਕਰਦਿਆਂ ਜੈਸ਼ੰਕਰ ਨੇ ਟਵੀਟ ਕੀਤਾ, ‘‘ਆਸਟਰੇਲੀਆ ਦੇ ਹਥਿਆਰਬੰਦ ਬਲਾਂ ਨਾਲ ਸਵੇਰ ਬਿਤਾਈ। ਸਾਡੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੇ ਖੁੱਲ੍ਹੇ ਅਤੇ ਮੁਕਤ ਹਿੰਦ-ਪ੍ਰਸ਼ਾਂਤ ਨੂੰ ਯਕੀਨੀ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ।’’
ਬੀਤੇ ਦਿਨ ਆਪਣੇ ਆਸਟਰੇਲਿਆਈ ਹਮਰੁਤਬਾ ਪੈਨੀ ਵੌਂਗ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਜੈਸ਼ੰਕਰ ਨੇ ਕਿਹਾ ਸੀ ਕਿ ਉਨ੍ਹਾਂ ਦੁਵੱਲੇ ਅਤੇ ਵਿਸ਼ਵ ਮੁੱਦਿਆ ’ਤੇ ਸਾਰਥਕ ਗੱਲਬਾਤ ਕੀਤੀ ਹੈ। ਵੌਂਗ ਨੇ ਕਿਹਾ ਸੀ ਕਿ ਭਾਰਤ ਅਤੇ ਆਸਟਰੇਲੀਆ ਦੋਵਾਂ ਦਾ ਮੰਨਣਾ ਹੈ ਕਿ ਹਿੰਦ-ਪ੍ਰਸ਼ਾਂਤ ਇਲਾਕੇ ਨੂੰ ਆਰਥਿਕ ਤੇ ਰਣਨੀਤਕ ਦੋਵਾਂ ਰੂਪਾਂ ਵਿੱਚ ‘ਨਵਾਂ ਆਕਾਰ’ ਦਿੱਤਾ ਜਾ ਰਿਹਾ ਹੈ ਅਤੇ ਇਸ ਵਿੱਚ ਭਾਰਤ ਨਾਲ ਭਾਈਵਾਲੀ ਅਹਿਮ ਹੈ। ਉਨ੍ਹਾਂ ਕਿਹਾ ਸੀ, ‘‘ਅਸੀਂ ਭਾਰਤ ਤੇ ਆਸਟਰੇਲੀਆ ਦੀ ਭਾਈਵਾਲੀ ਸਮੇਤ ਦੂਜਿਆਂ ਨਾਲ ਕੰਮ ਕਰਕੇ ਹੀ ਇਸ ਖੇਤਰ ਨੂੰ ਉਸ ਤਰ੍ਹਾਂ ਬਣਾ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ।’’ ਜ਼ਿਕਰਯੋਗ ਹੈ ਕਿ ਚੀਨ ਲਗਪਗ ਪੂਰੇ ਵਿਵਾਦਿਤ ਦੱਖਣੀ ਚੀਨ ਸਾਗਰ ’ਤੇ ਦਾਅਵਾ ਕਰਦਾ ਹੈ, ਹਾਲਾਂਕਿ ਤਾਇਵਾਨ, ਫਿਲਪੀਨਜ਼, ਬਰੂਨੇਈ, ਮਲੇਸ਼ੀਆ ਅਤੇ ਵੀਅਤਨਾਮ ਵੀ ਇਸ ਦੇ ਕੁਝ ਹਿੱਸਿਆਂ ’ਤੇ ਆਪਣਾ ਦਾਅਵਾ ਕਰਦੇ ਹਨ। -ਪੀਟੀਆਈ