ਇਸਲਾਮਾਬਾਦ, 16 ਜੁਲਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੀਆਮਰ ਬਾਸ਼ਾ ਬੰਨ੍ਹ ਦਾ ਉਦਘਾਟਨ ਕੀਤਾ ਹੈ ਜੋ ਦੁਨੀਆ ’ਚ ਸਭ ਤੋਂ ਉੱਚਾ ਰੋਲਰ ਬੰਨ੍ਹ ਸਮਝਿਆ ਜਾਂਦਾ ਹੈ। ਖ਼ੈਬਰ ਪਖਤੂਨਖਵਾ ਸੂਬੇ ’ਚ ਸਿੰਧ ਦਰਿਆ ’ਤੇ ਬਣੇ ਇਸ ਬੰਨ੍ਹ ਤੋਂ 4500 ਮੈਗਾਵਾਟ ਬਿਜਲੀ ਉਤਪਾਦਨ ਹੋਵੇਗਾ। ਕਰੀਬ 272 ਮੀਟਰ ਉੱਚਾ ਇਹ ਬੰਨ੍ਹ ਸਾਲ 2028 ਤੱਕ ਬਣ ਕੇ ਮੁਕੰਮਲ ਹੋਵੇਗਾ। ਸਿਨਹੁਆ ਖ਼ਬਰ ਏਜੰਸੀ ਮੁਤਾਬਕ ਬੰਨ੍ਹ ’ਤੇ 61 ਲੱਖ ਏਕੜ ਫੁੱਟ ਪਾਣੀ ਦਾ ਭੰਡਾਰ ਹੈ ਅਤੇ ਪਾਣੀ ਛੱਡਣ ਵਾਲੇ 14 ਗੇਟ ਹਨ। ਇਸ ਬੰਨ੍ਹ ਨਾਲ ਮੁਲਕ ਦੀ ਜਲ ਭੰਡਾਰ, ਹੜ੍ਹਾਂ ’ਤੇ ਕੰਟਰੋਲ, ਸਿੰਜਾਈ ਅਤੇ ਬਿਜਲੀ ਦੀ ਸਮੱਸਿਆ ਹੱਲ ਹੋਵੇਗੀ। ਬੰਨ੍ਹ ਦੀ ਉਸਾਰੀ ਲਈ ਪਾਕਿਸਤਾਨੀ ਸਰਕਾਰ ਨੇ ਚੀਨੀ ਬਿਜਲੀ ਕੰਪਨੀ ਅਤੇ ਫਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਬੰਨ੍ਹ ਦੀ ਉਸਾਰੀ ਨਾਲ ਮੁਲਕ ਨੂੰ ਆਰਥਿਕ ਅਤੇ ਵਾਤਾਵਰਨ ਪੱਖੋਂ ਵਿਸ਼ੇਸ਼ ਲਾਭ ਹੋਵੇਗਾ।
-ਆਈਏਐਨਐਸ