ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲੀ ਵਾਰ ਸੰਯੁਕਤ ਰੂਪ ’ਚ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਤਾਲਿਬਾਨ ਦੇ ਕਬਜ਼ੇ ਵਾਲੇ ਅਫ਼ਗਾਨਿਸਤਾਨ ਨੂੰ ਤੁਰੰਤ ਮਨੁੱਖੀ ਤੇ ਆਰਥਿਕ ਸਹਿਯੋਗ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉੱਥੇ ਸਿਆਲਾਂ ਤੋਂ ਪਹਿਲਾਂ ਸਾਮਾਨ ਦੀ ਕਾਫ਼ੀ ਕਿੱਲਤ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਦੀ ਰਾਸ਼ਟਰਪਤੀ ਸ਼ੀ ਨਾਲ ਟੈਲੀਫੋਨ ਉਤੇ ਹੋਈ ਵਾਰਤਾ ਦੌਰਾਨ ਦੋਵਾਂ ਆਗੂਆਂ ਨੇ ਅਫ਼ਗਾਨਿਸਤਾਨ ਦੀ ਵਰਤਮਾਨ ਸਥਿਤੀ ਉਤੇ ਚਰਚਾ ਕੀਤੀ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉੱਥੇ ਲੋਕਾਂ ਨੂੰ ਤੁਰੰਤ ਮਨੁੱਖੀ ਤੇ ਆਰਥਿਕ ਸਹਾਇਤਾ ਉਪਲੱਬਧ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ, ਦੇਸ਼ ਦੀ ਮੁੜ ਉਸਾਰੀ ਹੋ ਸਕੇ। ਕਤਰ ਵਿਚ ਇਕ ਉੱਚ ਪੱਧਰੀ ਬੈਠਕ ’ਚ ਤਾਲਿਬਾਨ ਦੇ ਪ੍ਰਤੀਨਿਧੀਆਂ ਨਾਲ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਮੁਲਾਕਾਤ ਤੋਂ ਇਕ ਦਿਨ ਮਗਰੋਂ ਦੋਵਾਂ ਆਗੂਆਂ ਨੇ ਫੋਨ ਉਤੇ ਗੱਲਬਾਤ ਕੀਤੀ। ਚੀਨ ਨੇ ਸਤੰਬਰ ਵਿਚ 3.1 ਕਰੋੜ ਡਾਲਰ ਦੀ ਮਦਦ ਕੀਤੀ ਸੀ, ਜਿਸ ਵਿਚ ਖੁਰਾਕੀ ਪਦਾਰਥਾਂ ਤੇ ਸਿਹਤ ਸਮੱਗਰੀ ਦੀ ਪੂਰਤੀ ਕਰਨਾ ਸ਼ਾਮਲ ਹੈ। ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਖੁਰਾਕੀ ਤੇਲ ਦੇ ਦਵਾਈਆਂ ਭੇਜੀਆਂ ਸਨ। -ਪੀਟੀਆਈ