ਇਸਲਾਮਾਬਾਦ, 21 ਨਵੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਜੇਲ੍ਹ ਤੋਂ ਰਿਹਾਈ ਦੀ ਆਸ ਉਸ ਸਮੇਂ ਖਤਮ ਹੋ ਗਈ ਜਦੋਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਜ਼ਮਾਨਤ ਮਿਲਣ ਦੇ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਇਕ ਨਵੇਂ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਦਿਨੀਂ ਤੋਸ਼ਾਖਾਨਾ ਮਾਮਲੇ ’ਚ ਇਮਰਾਨ ਖਾਨ ਨੂੰ ਜ਼ਮਾਨਤ ਦਿੱਤੀ ਸੀ ਜਿਸ ’ਚ ਉਨ੍ਹਾਂ ’ਤੇ ਮਹਿੰਗੇ ਤੋਹਫੇ ਬਹੁਤ ਘੱਟ ਕੀਮਤ ’ਤੇ ਖਰੀਦਣ ਦੇ ਦੋਸ਼ ਲੱਗੇ ਸਨ। ਇਸ ਜ਼ਮਾਨਤ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਈ ਦੀ ਆਸ ਦਿਖਾਈ ਦਿੱਤੀ ਸੀ ਪਰ ਉਨ੍ਹਾਂ ਨੂੰ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਤੇ 28 ਸਤੰਬਰ ਨੂੰ ਰਾਵਲਪਿੰਡੀ ’ਚ ਦਹਿਸ਼ਤੀ ਕਾਰਵਾਈਆਂ ਲਈ ਮਦਦ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਇਮਰਾਨ ਖਾਨ ਇਕ ਸਾਲ ਤੋਂ ਵੱਧ ਸਮੇਂ ਤੋਂ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਵਿਚ ਨਜ਼ਰਬੰਦ ਹਨ।