ਲਾਹੌਰ, 3 ਨਵੰਬਰ
ਪਾਕਿਸਤਾਨ ਪੰਜਾਬ ਸੂਬੇ ਦੇ ਸੂਚਨਾ ਮੰਤਰੀ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਲਈ ਜਾਣੇ ਜਾਂਦੇ ਫਿਆਜ਼ੁਲ ਚੌਹਾਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਹ ਕਾਰਵਾਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਵਿਰੋਧੀ ਧਿਰ ਨਾਲ ਨਜਿੱਠਣ ’ਚ ਸੂਬਾਈ ਮੀਡੀਆ ਟੀਮ ਦੀ ਨਾਕਾਮੀ ਤੋਂ ਨਾਖੁਸ਼ੀ ਜ਼ਾਹਰ ਕਰਨ ਮਗਰੋਂ ਕੀਤੀ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਤੇਜ਼ਤੱਰਾਰ ਆਗੂ ਮੰਨੇ ਜਾਂਦੇ ਚੌਹਾਨ ਨੂੰ ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਹਿੰਦੂ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਾਰਨ ਬਰਤਰਫ਼ ਕੀਤਾ ਗਿਆ ਸੀ। ਊਨ੍ਹਾਂ ਨੇ ਇਹ ਟਿੱਪਣੀਆਂ ਪੁਲਵਾਮਾ ਹਮਲੇ ਮਗਰੋਂ ਭਾਰਤ ਦੇ ਬਿਆਨ ਦੇ ਜਵਾਬ ਵਿੱਚ ਦਿੱਤੀਆਂ ਸਨ। ਚੌਹਾਨ ਦੀ ਸੋਸ਼ਲ ਮੀਡੀਆ ’ਤੇ ਸਖ਼ਤ ਆਲੋਚਨਾ ਮਗਰੋਂ ਪ੍ਰਧਾਨ ਮੰਤਰੀ ਨੇ ਊਸ ਨੂੰ ਹਟਾਊਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਹਾਲਾਕਿ ਕੁੱਝ ਮਹੀਨਿਆਂ ਮਗਰੋਂ ਮਾਮਲਾ ਸੁਲਝਾ ਕੇ ਊਸ ਨੂੰ ਬਹਾਲ ਕਰ ਦਿੱਤਾ ਸੀ। -ਪੀਟੀਆਈ