ਇਸਲਾਮਾਬਾਦ, 19 ਜੂਨ
ਪੀਐੱਮਐੱਲ- ਐੱਨ ਦੇ ਇੱਕ ਸੀਨੀਅਰ ਆਗੂ ਨੇ ਬੀਤੇ ਦਿਨ ਇੱਕ ਟੀਵੀ ਸ਼ੋਅ ’ਚ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀਆਂ ਫਾਸ਼ੀਵਾਦੀ ਯੋਜਨਾਵਾਂ ਰਾਹੀਂ 15 ਸਾਲ ਮੁਲਕ ’ਤੇ ਰਾਜ ਕਰਨਾ ਚਾਹੁੰਦੇ ਸਨ ਤੇ ਇਸ ਵਰ੍ਹੇ ਦੇ ਅਖੀਰ ਤੱਕ ਸਾਰੀ ਵਿਰੋਧੀ ਧਿਰ ਨੂੰ ਅਯੋਗ ਕਰਾਰ ਕਰਵਾਉਣ ਦੇ ਇਛੁੱਕ ਸਨ। ਊਰਜਾ ਮੰਤਰੀ ਖੁਰਮ ਦਸਤਗੀਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਅਗਾਊਂ ਜਾਣਕਾਰੀ ਸੀ ਕਿ ਇਮਰਾਨ ਖਾਨ ਸਾਰੀ ਵਿਰੋਧੀ ਧਿਰ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਸਨ, ਜਿਨ੍ਹਾਂ ’ਚ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੇ ਮੁਖੀ ਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਅਹਿਸਨ ਇਕਬਾਲ ਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਸ਼ਾਮਲ ਹਨ। ‘ਦਿ ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਊਰਜਾ ਮੰਤਰੀ ਨੇ ਆਪਣੇ ਦਾਅਵੇ ਨੂੰ ਮਜ਼ਬੂਤੀ ਦਿੰਦਿਆਂ ਇਹ ਵੀ ਚੇਤੇ ਕਰਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਇਹ ਐਲਾਨ ਵੀ ਕੀਤਾ ਸੀ ਕਿ ਉਨ੍ਹਾਂ ਦੇ ਵਿਰੋਧੀਆਂ ਖ਼ਿਲਾਫ਼ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ 100 ਜੱਜਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਇਹ ਸੁਆਲ ਪੁੱਛਣ ’ਤੇ ਕਿ ਉਨ੍ਹਾਂ ਦੀ ਪਾਰਟੀ ਨੇ ਸਿਰਫ਼ ਡੇਢ ਸਾਲ ਲਈ ਮੁਲਕ ’ਤੇ ਸ਼ਾਸਨ ਕਰਨ ਬਾਰੇ ਕਿਉਂ ਸੋਚਿਆ, ਊਰਜਾ ਮੰਤਰੀ ਨੇ ਕਿਹਾ,‘ਇਹ ਗੱਠਜੋੜ ਸਿਰਫ਼ ਇਸ ਲਈ ਬਣਾਇਆ ਗਿਆ ਕਿਉਂਕਿ ਇਮਰਾਨ ਖਾਨ ਦਾ ਇਸ ਮੁਲਕ ’ਤੇ ਹਮਲਾ ਕਰਨ ਦੀ ਫਾਸ਼ੀਵਾਦੀ ਯੋਜਨਾ ਸੀ।’ -ਪੀਟੀਆਈ