ਇਸਲਾਮਾਬਾਦ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਐਲਾਨ ਕੀਤਾ ਕਿ ਉਹ ਪਾਕਿਸਤਾਨ ਚੋਣ ਕਮਿਸ਼ਨ ਦੇ ਮੁਖੀ ਖ਼ਿਲਾਫ਼ ਦਸ ਅਰਬ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰਨਗੇ ਕਿਉਂਕਿ ਉਨ੍ਹਾਂ ਨੇ ਕੌਮੀ ਅਸੈਂਬਲੀ ਤੋਂ ਅਯੋਗ ਕਰਾਰ ਦੇ ਕੇ ਉਨ੍ਹਾਂ ਦੀ ਸ਼ਾਖ ਖ਼ਰਾਬ ਕੀਤੀ ਹੈ। ਇਮਰਾਨ ਖ਼ਾਨ ਆਪਣੇ ਮਾਰਚ ਦੇ ਚੌਥੇ ਦਿਨ ਦੀ ਸ਼ੁਰੂਆਤ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਇਮਰਾਨ ਨੇ ਕਿਹਾ ਕਿ ਇਸਲਾਮਾਬਾਦ ਤੱਕ ਕੱਢੇ ਜਾਣ ਵਾਲੇ ਮਾਰਚ ਦਾ ਮਕਸਦ ਹਕੀਕੀ ਆਜ਼ਾਦੀ ਪ੍ਰਾਪਤ ਕਰਨਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਈਆਂ ਜਾਣ। ਜ਼ਿਕਰਯੋਗ ਹੈ ਕਿ ਇਸ ਮਹੀਨੇ ਪਾਕਿਸਤਾਨ ਚੋਣ ਕਮਿਸ਼ਨ ਦੇ ਪੰਜ ਮੈਂਬਰੀ ਪੈਨਲ ਨੇ ਇਮਰਾਨ (70) ਨੂੰ ਕੌਮੀ ਅਸੈਂਬਲੀ ਤੋਂ ਅਯੋਗ ਕਰਾਰ ਦੇ ਦਿੱਤਾ ਸੀ। ਇਸ ਪੈਨਲ ਦੇ ਮੁਖੀ ਸਿਕੰਦਰ ਸੁਲਤਾਨ ਰਾਜਾ ਸਨ। ਕਾਮੋਨਕੀ ਵਿੱਚ ਚੌਥੇ ਦਿਨ ਆਪਣਾ ਮਾਰਚ ਸ਼ੁਰੂ ਕਰਨ ਮੌਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਕਿਹਾ, ‘‘ਸਿਕੰਦਰ ਸੁਲਤਾਨ ਮੈਂ ਤੁਹਾਨੂੰ ਅਦਾਲਤ ਵਿੱਚ ਘਸੀਟਾਂਗਾ ਤਾਂ ਕਿ ਭਵਿੱਖ ਵਿੱਚ ਤੁਸੀਂ ਕਿਸੇ ਹੋਰ ਦੇ ਕਹਿਣ ’ਤੇ ਕਿਸੇ ਦੀ ਸ਼ਾਖ ਖ਼ਰਾਬ ਨਾ ਕਰ ਸਕੋ।’’ -ਪੀਟੀਆਈ