ਸਿੰਗਾਪੁਰ, 29 ਜੁਲਾਈ
ਸਿੰਗਾਪੁਰ ਦੇ ਪਹਿਲੇ ਨਾਮਜ਼ਦ ਵਿਰੋਧੀ ਧਿਰ ਦੇ ਆਗੂ ਪ੍ਰੀਤਮ ਸਿੰਘ (43) ਆਪਣੇ ਭੱਤਿਆਂ ਦੀ ਅੱਧੀ ਰਕਮ ਆਪਣੇ ਹਲਕੇ ਦੇ ਗਰੀਬ ਲੋਕਾਂ ਦੀ ਮਦਦ ਲਈ ਵੰਡਣਗੇ। ਰਿਪੋਰਟ ਮੁਤਾਬਕ ਸਿੰਗਾਪੁਰ ਦੇ ਸੰਸਦੀ ਇਤਿਹਾਸ ’ਚ ਪਹਿਲੀ ਵਾਰ ਮੰਗਲਵਾਰ ਨੂੰ ਪ੍ਰੀਤਮ ਸਿੰਘ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਹੋਈਆਂ ਆਮ ਚੋਣਾਂ ’ਚ ਭਾਰਤੀ ਮੂਲ ਦੇ ਆਗੂ ਦੀ ਅਗਵਾਈ ਹੇਠਲੀ ‘ਵਰਕਰਜ਼ ਪਾਰਟੀ’ ਨੇ ਰਿਕਾਰਡ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਪਾਰਲੀਮਾਨੀ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਪ੍ਰੀਤਮ ਸਿੰਘ ਨੂੰ ਵਾਧੂ ਵਿਸ਼ੇਸ਼ ਅਧਿਕਾਰ ਹਾਸਲ ਹੋਣਗੇ ਅਤੇ ਚੁਣੇ ਗਏ ਸੰਸਦ ਮੈਂਬਰਾਂ ਨਾਲੋਂ ਦੁਗਣਾ ਭੱਤਾ ਮਿਲੇਗਾ। ਪ੍ਰੀਤਮ ਸਿੰਘ ਨੇ ਫੇਸਬੁੱਕ ’ਤੇ ਕਿਹਾ ਸੀ ਕਿ ਉਨ੍ਹਾਂ ਪਤਨੀ ਲਵਲੀਨ ਕੌਰ ਵਾਲੀਆ ਨਾਲ ਇਸ ਬਾਬਤ ਚਰਚਾ ਕੀਤੀ ਸੀ। ਵਿਰੋਧੀ ਧਿਰ ਦੇ ਆਗੂ ਵਜੋਂ ਉਨ੍ਹਾਂ ਨੂੰ ਸਾਲਾਨਾ 3,85,000 ਸਿੰਗਾਪੁਰੀ ਡਾਲਰ ਮਿਲਣਗੇ। ਸਿੰਗਾਪੁਰ ਦੀ 14ਵੀਂ ਸੰਸਦ ਦੀ ਪਹਿਲੀ ਬੈਠਕ 24 ਅਗਸਤ ਨੂੰ ਹੋਵੇਗੀ। -ਪੀਟੀਆਈ