ਲੰਡਨ: ਬਰਤਾਨੀਆ ਦੀ ਦਵਾਈ ਮਾਪਦੰਡਾਂ ਬਾਰੇ ਕਮੇਟੀ ਨੇ ਕਿਹਾ ਕਿ ਦੇਸ਼ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ‘ਇਹਤਿਆਤ’ ਵਜੋਂ ਆਕਸਫੋਰਡ/ ਐਸਟਰਾਜ਼ੈਨੇਕਾ ਦੇ ਕੋਵਿਡ-19 ਤੋਂ ਬਚਾਅ ਲਈ ਟੀਕੇ ਦਾ ਬਦਲ ਦਿੱਤਾ ਜਾਣਾ ਚਾਹੀਦਾ ਹੈ। ਟੀਕਾਕਰਨ ਬਾਰੇ ਸਾਂਝੀ ਕਮੇਟੀ ਨੇ ਸਬੰਧਤ ਟੀਕੇ ਤੋਂ ਖੂਨ ਦੇ ਥੱਕੇ ਜੰਮਣ ਦੀਆਂ ਖ਼ਬਰਾਂ ਦਰਮਿਆਨ ਪਹਿਲਾਂ ਦਿੱਤੀ ਆਪਣੀ ਸਲਾਹ ਵਿੱਚ ਕਿਹਾ ਸੀ ਕਿ ਦੇਸ਼ ਵਿੱਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਆਕਸਫੋਰਡ/ਐਸਟਰਾਜ਼ੈਨੇਕਾ ਦੇ ਕੋਵਿਡ-19 ਰੋਧੀ ਟੀਕੇ ਦਾ ਬਦਲ ਮਿਲਣਾ ਚਾਹੀਦਾ ਹੈ। ਕਮੇਟੀ ਨੇ ਹਾਲਾਂਕਿ ਕਿਹਾ ਕਿ ਇਸ ਟੀਕੇ ਦੇ ਲਾਭ, ਇਸ ਦੇ ਜੋਖ਼ਮ ਤੋਂ ਕਿਤੇ ਵੱਧ ਹਨ। ਭਾਰਤ ਵਿੱਚ ਇਸ ਟੀਕੇ ਦਾ ਉਤਪਾਦਨ ‘ਕੋਵੀਸ਼ੀਲਡ’ ਵਜੋਂ ਹੋ ਰਿਹਾ ਹੈ। ਕਮੇਟੀ ਨੇ ਆਪਣੀ ਸੋਧੀ ਹੋਈ ਸਲਾਹ ਵਿੱਚ ਕਿਹਾ ਕਿ ਬਰਤਾਨੀਆ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ‘ਇਹਤਿਆਤ’ ਵਜੋਂ ਆਕਸਫੋਰਡ/ਐਸਟਰਾਜ਼ੈਨੇਕਾ ਦੇ ਟੀਕੇ ਦਾ ਬਦਲ ਮਿਲਣਾ ਚਾਹੀਦਾ ਹੈ। ਘੱਟ ਉਮਰ ਦੇ ਲੋਕਾਂ ਲਈ ਇਸ ਟੀਕੇ ਦੇ ਬਦਲ ਫਾਈਜ਼ਰ/ਬਾਇਓਐੱਨਟੈੱਕ ਤੇ ਮੋਡਰਨਾ ਕੰਪਨੀ ਵੱਲੋਂ ਤਿਆਰ ਕੀਤੇ ਟੀਕੇ ਹੋ ਸਕਦੇ ਹਨ। -ਪੀਟੀਆਈ