ਫੇਅਰਫੀਲਡ (ਯੂਐੱਸ), 22 ਅਪਰੈਲ
ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਪੁਲੀਸ ਕਰਮੀਆਂ ਨੇ ਜਦੋਂ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਹਿਲਾਂ ਪੁਲੀਸ ਟੀਮ ’ਚ ਸ਼ਾਮਲ ਕੁੱਤੇ ਨੂੰ ਵੱਢਿਆ ਤੇ ਮਗਰੋਂ ਜਾਨਵਰ ’ਤੇ ਚਾਕੂ ਨਾਲ ਕਈ ਵਾਰ ਕੀਤੇ। ਫੇਅਰਫੀਲਡ ਪੁਲੀਸ ਨੇ ਕਿਹਾ ਕਿ ਸਬੰਧਤ ਵਿਅਕਤੀ ਨਸ਼ੇ ਦੀ ਲੋਰ ਵਿੱਚ ਸੀ। ਕੁੱਤੇ ਦਾ ਨਾਮ ਕੋਰਟ ਹੈ ਤੇ ਉਸ ਨੂੰ ਇਲਾਜ ਲਈ ਵੈਟਰਨਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੁੱਤੇ ਨੂੰ ਉਸ ਦੀ ਸਾਂਭ-ਸੰਭਾਲ ਕਰਨ ਵਾਲੇ ਕਰਮੀ ਦੇ ਘਰ ਤਬਦੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੂੰ ਇਕ ਬਜ਼ੁਰਗ ਦੇ ਘਰ ਵਿੱਚ ਸੰਨ੍ਹ ਲੱਗਣ ਬਾਰੇ ਫੋਨ ਆਇਆ ਸੀ। ਪੁਲੀਸ ਨੂੰ ਇਸ ਦੌਰਾਨ ਇਕ ਐਮਾਜ਼ੋਨ ਮੁਲਾਜ਼ਮ ਵੱਲੋਂ ਸ਼ਿਕਾਇਤ ਮਿਲੀ ਕਿ ਇਕ ਵਿਅਕਤੀ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਉਸ ਦਾ ਡਲਿਵਰੀ ਟਰੱਕ ਚੋਰੀ ਕਰਕੇ ਲੈ ਗਿਆ। ਪੁਲੀਸ ਜਦੋਂ ਮੌਕੇ ’ਤੇ ਪੁੱਜੀ ਤਾਂ ਉਸ ਨੇ ਵੇਖਿਆ ਕੇ ਡਲਿਵਰੀ ਟਰੱਕ ਚੋਰੀ ਕਰਨ ਵਾਲਾ ਸ਼ਖ਼ਸ ਸੰਨ੍ਹ ਲੱਗਣ ਬਾਰੇ ਸ਼ਿਕਾਇਤ ਦੇਣ ਵਾਲੇ ਬਜ਼ੁਰਗ ਦੇ ਘਰ ਬਾਹਰ ਘੁੰਮ ਰਿਹਾ ਸੀ ਤੇ ਮਗਰੋਂ ਘਰ ਦੇ ਅੰਦਰ ਦਾਖ਼ਲ ਹੋ ਗਿਆ। ਪੁਲੀਸ ਟੀਮ ਆਪਣੇ ਕੇ9 ਕੁੱਤੇ ਨਾਲ ਘਰ ਅੰਦਰ ਦਾਖ਼ਲ ਹੋਈ ਤਾਂ ਕੁੱਤਾ ਇਸ ਵਿਅਕਤੀ ਦੇ ਸੰਪਰਕ ਵਿੱਚ ਆ ਗਿਆ। ਪੁਲੀਸ ਨੇ ਕਿਹਾ ਕਿ ਇਸ ਵਿਅਕਤੀ ਨੇ ਪਹਿਲਾਂ ਤਾਂ ਕੁੱਤੇ ਦੇ ਮੂੰਹ ’ਤੇ ਵੱਢਿਆ ਤੇ ਮਗਰੋਂ ਜਾਨਵਰ ਦੇ ਖੱਬੇ ਪਾਸੇ ਚਾਕੂ ਨਾਲ ਵਾਰ ਕੀਤੇ। ਮੁਲਜ਼ਮ ਖਿਲਾਫ਼ ਸੋਲਾਨੋ ਕਾਊਂਟੀ ਜੇਲ੍ਹ ਵਿੱਚ ਕਾਰ ਚੁੱਕਣ, ਸੰਨ੍ਹ ਲਾਉਣ, ਪੁਲੀਸ ਦੇ ਕੁੱਤੇ ਨੂੰ ਸੱਟ ਮਾਰਨ ਤੇ ਪੁਲੀਸ ਅਧਿਕਾਰੀ ਦੇ ਕੰਮ ਵਿੱਚ ਦਖ਼ਲ ਪਾਉਣ ਆਦਿ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਰਿਕਾਰਡ ਮੁਤਾਬਕ ਸਬੰਧਤ ਵਿਅਕਤੀ ਪੈਰੋਲ ਉਲੰਘਣਾ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ। -ਏਪੀ