ਰੋਮ, 4 ਮਈ
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪਿਛਲੇ ਵਰ੍ਹੇ ਸਾਲ 2021 ਵਿੱਚ ਰੋਜ਼ਾਨਾ ਆਧਾਰ ’ਤੇ ਨਾਮਾਤਰ ਭੋਜਨ ਹਾਸਲ ਕਰਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ ਹੈ ਤੇ ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਯੂਕਰੇਨ ਜੰਗ ਦਾ ਆਲਮੀ ਪੱਧਰ ’ਤੇ ਉਤਪਾਦਨ ਪ੍ਰਕਿਰਿਆ ’ਤੇ ਪ੍ਰਭਾਵ ਪਿਆ ਹੈ। ਸਾਲ 2021 ਵਿੱਚ 53 ਮੁਲਕਾਂ ਦੇ 193 ਮਿਲੀਅਨ ਲੋਕਾਂ ਨੂੰ ਵੱਡੇ ਪੱਧਰ ’ਤੇ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪਿਆ, ਜਿਸਦਾ ਕਾਰਨ ਸੰਯੁਕਤ ਰਾਸ਼ਟਰ ਮੁਤਾਬਕ ਲੜਾਈ, ਮੌਸਮ ਦੀ ਬੇਯਕੀਨੀ ਤੇ ਕਰੋਨਾ ਮਹਾਮਾਰੀ ਦੇ ਆਰਥਿਕ ਪ੍ਰਭਾਵ ਹਨ। ਆਲਮੀ ਸੰਸਥਾ ਮੁਤਾਬਕ ਪਿਛਲੇ ਵਰ੍ਹੇ ਰੋਜ਼ਾਨਾ ਲੋੜੀਂਦੀ ਮਾਤਰਾ ’ਚ ਭੋਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਕੁੱਲ ਗਿਣਤੀ 40 ਮਿਲੀਅਨ ਵਧ ਗਈ ਸੀ, ਜੋ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਹੁਣ ਤੱਕ ਦਾ ਸਭ ਤੋਂ ਵੱਧ ਚਿੰਤਾਜਨਕ ਰੁਝਾਨ ਹੈ। ਇਹ ਅੰਕੜੇ ‘ਭੋਜਨ ਸੰਕਟ ਬਾਰੇ ਆਲਮੀ ਰਿਪੋਰਟ’ ਰਾਹੀਂ ਉਜਾਗਰ ਹੋਏ ਹਨ, ਜੋ ਸੰਯੁਕਤ ਰਾਸ਼ਟਰ ਦੇ ਭੋਜਨ ਤੇ ਖੇਤੀਬਾੜੀ ਸੰਗਠਨ ਤੇ ਵਿਸ਼ਵ ਭੋਜਨ ਪ੍ਰੋਗਰਾਮ ਤੇ ਯੂਰੋਪੀ ਯੂਨੀਅਨ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਜਿਹੜੇ ਮੁਲਕਾਂ ਨੂੰ ਸਭ ਤੋਂ ਵੱਧ ਲੜਾਈਆਂ ਜਾ ਜੰਗ ਦੀ ਮਾਰ ਸਹਿਣੀ ਪੈ ਰਹੀ ਹੈ, ਉਨ੍ਹਾਂ ’ਚ ਅਫ਼ਗਾਨਿਸਤਾਨ, ਕੋਂਗੋ, ਇਥੋਪੀਆ, ਨਾਇਜੀਰੀਆ, ਦੱਖਣੀ ਸੁਡਾਨ, ਸੀਰੀਆ ਤੇ ਯਮਨ ਹਨ, ਜਿੱਥੇ ਲੋਕਾਂ ਨੂੰ ਸਭ ਤੋਂ ਵੱਧ ਭੋਜਨ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਰਿਪੋਰਟ ਮੁਤਾਬਕ ਸਾਲ 2022 ਵਿੱਚ ਸੋਮਾਲੀਆ ਨੂੰ ਵਿਸ਼ਵ ਭਰ ’ਚੋਂ ਸਭ ਤੋਂ ਵੱਡੇ ਭੋਜਨ ਸੰਕਟ ਦਾ ਸਾਹਮਣਾ ਕਰਨਾ ਪਵੇਗਾ, ਜਿਸਦਾ ਕਾਰਨ ਲਗਾਤਾਰ ਪੈ ਰਿਹਾ ਸੋਕਾ, ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਤੇ ਲਗਾਤਾਰ ਵਧ ਰਹੀਆਂ ਹਿੰਸਕ ਘਟਨਾਵਾਂ ਹਨ। ਸੰਯੁਕਤ ਰਾਸ਼ਟਰ ਮੁਤਾਬਕ ਵੱਖੋ-ਵੱਖਰੇ ਕਾਰਨਾਂ ਕਰਕੇ 6 ਮਿਲੀਅਨ ਸੋਮਾਲੀਆ ਵਾਸੀਆਂ ਨੂੰ ਵੱਡੇ ਪੱਧਰ ’ਤੇ ਖੁਰਾਕੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। -ਏਪੀ