ਇਸਲਾਮਾਬਾਦ, 19 ਨਵੰਬਰ
ਪਾਕਿਸਤਾਨ ਦੇ ਸੰਘੀ ਅਧਿਕਾਰੀਆਂ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੀ ਪ੍ਰਦਰਸ਼ਨ ਦੀ ਯੋਜਨਾ ਦੇ ਮੱਦੇਨਜ਼ਰ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਸਾਰੀਆਂ ਤਰ੍ਹਾਂ ਦੀਆਂ ਸਭਾਵਾਂ ’ਤੇ ਦੋ ਮਹੀਨੇ ਲਈ ਰੋਕ ਲਗਾ ਦਿੱਤੀ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਇਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਉਸ ਦੇ ਸੰਸਥਾਪਕ ਇਮਰਾਨ ਖਾਨ ਨੂੰ ਰਿਹਾਅ ਕਰਨ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ 24 ਨਵੰਬਰ ਨੂੰ ਇਸਲਾਮਾਬਾਦ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਸੰਘੀ ਸਰਕਾਰ ਨੇ ਇਸ ਤੋਂ ਬਾਅਦ ਇਸਲਾਮਾਬਾਦ ਵਿੱਚ ਧਾਰਾ 144 ਲਗਾ ਦਿੱਤੀ ਹੈ, ਜਿਸ ਤਹਿਤ ਲੋਕਾਂ ਦੇ ਜਮ੍ਹਾਂ ਹੋਣ ’ਤੇ ਪਾਬੰਦੀ ਹੈ। ਇਸਲਾਮਾਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਉਸਮਾਨ ਅਸ਼ਰਫ ਦੇ ਦਫ਼ਤਰ ਵੱਲੋਂ ਸੋਮਵਾਰ ਨੂੰ ਜਾਰੀ ਵੱਖ-ਵੱਖ ਨੋਟੀਫਿਕੇਸ਼ਨਾਂ ਮੁਤਾਬਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। -ਪੀਟੀਆਈ
ਲਾਊਡ ਸਪੀਕਰਾਂ ਤੇ ਪਟਾਕਿਆਂ ’ਤੇ ਵੀ ਪਾਬੰਦੀ
ਨੋਟੀਫਿਕੇਸ਼ਨਾਂ ਰਾਹੀਂ ਸਾਰੀ ਤਰ੍ਹਾਂ ਦੇ ਇਤਰਾਜ਼ਯੋਗ ਅਤੇ ਫਿਰਕੂ ਭਾਸ਼ਣ ਲਾਊਡ ਸਪੀਕਰਾਂ ਰਾਹੀਂ ਚਲਾਉਣ ’ਤੇ ਵੀ ਪਾਬੰਦੀ ਹੋਵੇਗੀ। ਇਸੇ ਤਰ੍ਹਾਂ ਸਿਆਸੀ ਜਾਂ ਸਮਾਜਿਕ ਸਮੂਹਾਂ ਜਾਂ ਧਾਰਮਿਕ ਸੰਪਰਦਾਵਾਂ ਦੇ ਵਿਰੋਧ ਲਈ ਲਾਊਡ ਸਪੀਕਰਾਂ ਦੇ ਇਸਤੇਮਾਲ ’ਤੇ ਵੀ ਪਾਬੰਦੀ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਕੇ ਚਲਾਉਣ, ਹਥਿਆਰ ਲਹਿਰਾਉਣ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਚੇ ਵੰਡਣ ਜਾਂ ਪੋਸਟਰ ਲਾਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ। -ਪੀਟੀਆਈ