ਇਸਲਾਮਾਬਾਦ, 21 ਮਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਚੀਨ ਦੀ ਸਹਾਇਤਾ ਨਾਲ ਬਣਾਏ ਗਏ ਪਹਿਲੇ ਪ੍ਰਮਾਣੂ ਊਰਜਾ ਪਲਾਂਟ ਦਾ ਉਦਘਾਟਨ ਕੀਤਾ। 1100 ਮੈਗਾਵਾਟ ਦਾ ਇਹ ਪਲਾਂਟ ਕਰਾਚੀ ਵਿਚ ਲਾਇਆ ਗਿਆ ਹੈ। ਪਾਕਿ ਤੇ ਚੀਨ ਆਪਣੇ ਕੂਟਨੀਤਕ ਰਿਸ਼ਤਿਆਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਮਰਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਪਾਕਿਸਤਾਨ ਤੇ ਚੀਨ ਦੀ ਸਾਂਝ ਸਦਕਾ ਸੰਭਵ ਹੋ ਸਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਫ਼ ਊਰਜਾ ਪੈਦਾ ਕਰੇਗਾ। ਦੱਸਣਯੋਗ ਹੈ ਕਿ ਪਾਕਿਸਤਾਨ ਉਨ੍ਹਾਂ 10 ਦੇਸ਼ਾਂ ਵਿਚ ਸ਼ਾਮਲ ਹੈ ਜਿਨ੍ਹਾਂ ’ਤੇ ਜਲਵਾਯੂ ਤਬਦੀਲੀ ਦਾ ਸਭ ਤੋਂ ਵੱਧ ਅਸਰ ਹੋਇਆ ਹੈ। ‘ਕੇ-2’ ਪਲਾਂਟ ਦੀ ਉਸਾਰੀ ਨਵੰਬਰ 2013 ਵਿਚ ਸ਼ੁਰੂ ਹੋਈ ਸੀ। ਕਈ ਪ੍ਰੀਖਣਾਂ ਤੋਂ ਬਾਅਦ ਦਸੰਬਰ 2020 ਨੂੰ ਈਂਧਨ ਲੋਡ ਕਰਨਾ ਸ਼ੁਰੂ ਕੀਤਾ ਗਿਆ। ਪਲਾਂਟ ਨੂੰ ਮਾਰਚ, 2021 ਵਿਚ ਕੌਮੀ ਗਰਿੱਡ ਨਾਲ ਜੋੜਿਆ ਗਿਆ ਹੈ। -ਪੀਟੀਆਈ