ਵਾਸ਼ਿੰਗਟਨ, 13 ਜੁਲਾਈ
ਭਾਰਤ ਨੇ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸਿਆਟਲ ਸ਼ਹਿਰ ਵਿੱਚ ਦੋ ਨਵੇਂ ਵੀਜ਼ਾ ਅਤੇ ਪਾਸਪੋਰਟ ਕੇਂਦਰਾਂ ਦਾ ਉਦਘਾਟਨ ਕੀਤਾ ਜੋ ਇਸ ਦੇਸ਼ ਦੇ ਨੌਂ ਪ੍ਰਸ਼ਾਂਤ ਉੱਤਰ-ਪੱਛਮੀ ਸੂਬਿਆਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਲੋੜਾਂ ਪੂਰੀਆਂ ਕਰਨਗੇ। ਸਿਆਟਲ ਅਤੇ ਬੈਲੇਵਿਊ ਵਿੱਚ ਸ਼ੁੱਕਰਵਾਰ ਨੂੰ ਦੋਵਾਂ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਸੀਏਟਲ ਵਿੱਚ ਨਵੇਂ ਭਾਰਤੀ ਕੌਂਸੁਲੇਟ ਖੁੱਲ੍ਹਣ ਦੇ ਕੁੱਝ ਮਹੀਨਿਆਂ ਬਾਅਦ ਕੀਤਾ ਗਿਆ ਹੈ। ਬਾਕੀ ਪੰਜ ਭਾਰਤੀ ਕੌਂਸੁਲੇਟ ਨਿਊਯਾਰਕ, ਅਟਲਾਂਟਾ, ਸ਼ਿਕਾਗੋ, ਹਿਊਸਟਨ ਅਤੇ ਸਾਂ ਫਰਾਂਸਿਸਕੋ ਵਿੱਚ ਹਨ। ਸਿਆਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਉਦਘਾਟਨ ਸਮਾਗਮ ਦੌਰਾਨ ਕਿਹਾ, ‘‘ਸਿਆਟਲ ਵਿੱਚ ਭਾਰਤੀ ਕੌਂਸੁਲੇਟ ਦਾ ਉਦਘਾਟਨ ਅਮਰੀਕਾ ਦੇ ਪ੍ਰਸ਼ਾਂਤ ਉੱਤਰੀ-ਪੱਛਮੀ ਸੂਬਿਆਂ ਨਾਲ ਸਬੰਧ ਹੋਰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ।’’ ਇਹ ਕੇਂਦਰ ਭਾਰਤ ਸਰਕਾਰ ਵੱਲੋਂ ਵੀਐੱਫਐੇੱਸ ਗਲੋਬਲ ਚਲਾ ਰਿਹਾ ਹੈ। ਗੁਪਤਾ ਨੇ ਕਿਹਾ, ‘‘ਸਿਆਟਲ ਅਤੇ ਬੈਲੇਵਿਊ ਵਿੱਚ ਨਵੇਂ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲ੍ਹਣ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਬਿਨੈਕਾਰਾਂ ਨੂੰ ਭਾਰਤ ਦੀ ਯਾਤਰਾ ਲਈ ਢੁਕਵੀਂ ਤਿਆਰੀ ਕਰਨ ਵਾਸਤੇ ਸਹੂਲਤ ਮਿਲੇਗੀ।’’ -ਪੀਟੀਆਈ