ਵਾਸ਼ਿੰਗਟਨ, 20 ਜੂੁਨ
ਨਾਸਾ ਮੁਖੀ ਬਿੱਲ ਨੈਲਸਨ ਨੇ ਅੱਜ ਕਿਹਾ ਕਿ ਅਮਰੀਕੀ ਪੁਲਾੜ ਏਜੰਸੀ ਭਾਰਤ ਨਾਲ ਸਹਿਯੋਗ ਵਧਾਏਗੀ ਅਤੇ ਇਸ ਵਿੱਚ ਇੱਕ ਭਾਰਤੀ ਪੁਲਾੜ ਯਾਤਰੀ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ‘ਸਾਂਝੀ ਕੋਸ਼ਿਸ਼’ ਸ਼ਾਮਲ ਹੋਵੇਗੀ।
ਨੈਲਸਨ ਨੇ ਇਹ ਟਿੱਪਣੀ ਸੋਮਵਾਰ ਨੂੰ ਅਮਰੀਕੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਵਿਚਾਲੇ ਹੋਈ ਆਈਸੀਈਟੀ ਗੱਲਬਾਤ ਮਗਰੋਂ ਅਮਰੀਕਾ ਤੇ ਭਾਰਤ ਵੱਲੋਂ ਤੱਥਾਂ ਦੇ ਵੇਰਵੇ ਜਾਰੀ ਕਰਨ ਤੋਂ ਬਾਅਦ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਅਮਰੀਕਾ ਵਿੱਚ ਇਸਰੋ ਦੇ ਪੁਲਾੜ ਯਾਤਰੀਆਂ ਲਈ ਆਧੁਨਿਕ ਟਰੇਨਿੰਗ ਸਿਖਲਾਈ ਸ਼ੁਰੂ ਕਰਨ ਦੀ ਦਿਸ਼ਾ ’ਚ ਕੰਮ ਰਹੇ ਹਨ। ਨੈਲਸਨ ਨੇ ‘ਐਕਸ’ ’ਤੇ ਕਿਹਾ, ‘‘ਮੇਰੀ ਪਿਛਲੇ ਸਾਲ ਦੀ ਭਾਰਤ ਯਾਤਰਾ ਦੇ ਆਧਾਰ ’ਤੇ ਨਾਸਾ (ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ) ਵੱਲੋਂ ਮਨੁੱਖਤਾ ਦੀ ਭਲਾਈ ਲਈ ਅਹਿਮ ਅਤੇ ਉੱਭਰਦੀ ਤਕਨੀਕ ’ਤੇ ਅਮਰੀਕਾ ਅਤੇ ਭਾਰਤ ਦੇ ਉਪਰਾਲੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਅਸੀਂ ਇਕੱਠੇ ਮਿਲ ਕੇ ਪੁਲਾੜ ’ਚ ਆਪਣੇ ਦੇਸ਼ਾਂ ਦੇ ਸਹਿਯੋਗ ਨੂੰ ਵਧਾ ਰਹੇ ਹਾਂ, ਜਿਸ ਵਿੱਚ ਇਸਰੋ (ਭਾਰਤੀ ਪੁਲਾੜ ਤੇ ਖੋਜ ਸੰਸਥਾ) ਦੇ ਪੁਲਾੜ ਯਾਤਰੀ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਇੱਕ ਸਾਂਝੀ ਕੋਸ਼ਿਸ਼ ਵੀ ਸ਼ਾਮਲ ਹੈ।’’ -ਪੀਟੀਆਈ