ਪੈਰਿਸ, 15 ਜੁਲਾਈ
ਭਾਰਤ ਤੇ ਫਰਾਂਸ ਵਿਚਾਲੇ ਰਣਨੀਤਿਕ ਤੌਰ ਤੋਂ ਅਹਿਮ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਤੁਲਿਤ ਤੇ ਸਥਿਰ ਵਿਵਸਥਾ ਬਣਾਉਣ ਦੇ ਯਤਨ ਤਹਿਤ ਸਮੁੰਦਰੀ ਸਹਿਯੋਗ ਤੇ ਦੋਵਾਂ ਮੁਲਕਾਂ ਵਿੱਚ ਜਲ ਸੈਨਾ ਦਾ ਅਭਿਆਸ ਵਧਾਉਣ ’ਤੇ ਸਹਿਮਤੀ ਬਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਵਿਚਾਲੇ ਇੱਥੇ ਦੁਵੱਲੀ ਵਾਰਤਾ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ-ਫਰਾਂਸ ਹਿੰਦ ਪ੍ਰਸ਼ਾਂਤ ਖਰੜਾ ਜਾਰੀ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਸਾਗਰ (ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਤੇ ਵਿਕਾਸ) ਸਬੰਧੀ ਦ੍ਰਿਸ਼ਟੀਕੋਣ ਅਤੇ ਫਰਾਂਸ ਦੀ ਹਿੰਦ-ਪ੍ਰਸ਼ਾਂਤ ਰਾਜਨੀਤੀ ਵਿੱਚ ਉਲੇਖ ਸੁਰੱਖਿਆ ਅਤੇ ਸਹਿਯੋਗ ਸਬੰਧੀ ਰਾਸ਼ਟਰਪਤੀ ਮੈਕਰੌਂ ਦਾ ਦ੍ਰਿਸ਼ਟੀਕੋਣ ਬਹੁਤ ਮੇਲ ਖਾਂਦੇ ਹਨ।
ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਹਮਲਾਵਰ ਰੁਖ ਦਰਮਿਆਨ ਦੋਵਾਂ ਆਗੂਆਂ ਨੇ ਕਿਹਾ,‘ਸਾਡਾ ਮੰਨਣਾ ਹੈ ਕਿ ਭਾਰਤ-ਫਰਾਂਸ ਸਾਂਝੇਦਾਰੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦੁਵੱਲੇ ਸਬੰਧਾਂ ਦਾ ਅਹਿਮ ਥੰਮ੍ਹ ਬਣੇਗੀ। ਜ਼ਿਕਰਯੋਗ ਹੈ ਕਿ ਫਰਾਂਸ ਦੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰੀਯੂਨੀਅਨ ਟਾਪੂ, ਨਿਊ ਕੈਲੇਡੋਨੀਆ ਤੇ ਫਰੈਂਚ ਪੋਲੀਨੇਸ਼ੀਆ ਵਰਗੇ ਖੇਤਰ ਮੌਜੂਦ ਹਨ ਜਿੱਥੇ ਲਗਪਗ 15 ਲੱਖ ਦੀ ਵਸੋਂ ਵੱਸਦੀ ਹੈ। ਇਸ ਤੋਂ ਪਹਿਲਾਂ ਮੈਕਰੌਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਫਰਾਂਸ ਦੇ ਮੋਢਿਆਂ ’ਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਮੋਦੀ ਨੇ ਕਿਹਾ,‘ਅਸੀਂ ਭਾਰਤ ਦੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ ਵਿੱਚ ਸਮੁੰਦਰੀ ਸੋਮਿਆਂ ਦੇ ਥੰਮ੍ਹ ਦੀ ਅਗਵਾਈ ਕਰਨ ਦੇ ਫਰਾਂਸ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ।’ਉਨ੍ਹਾਂ ਕਿਹਾ,‘ਅਸੀਂ ਆਪਣੇ ਆਦਾਨ ਪ੍ਰਦਾਨ ਨੂੰ ਵਧਾਉਣਾ ਜਾਰੀ ਰੱਖਾਂਗੇ, ਹਾਲਾਤ ਮੁਤਾਬਿਕ ਤੇ ਖੇਤਰੀ ਜਾਗਰੂਕਤਾ ਫੈਲਾਉਣ ਦੇ ਮਾਮਲੇ ਵਿੱਚ ਸਹਿਯੋਗ ਕਰਾਂਗੇ ਅਤੇ ਖੇਤਰ ਵਿੱਚ ਸਮੁੰਦਰੀ ਸਹਿਯੋਗ ਵਧਾਵਾਂਗੇ, ਜਿਵੇਂ ਅਸੀਂ ਖੇਤਰ ਵਿੱਚ ਭਾਈਵਾਲ ਮੁਲਕਾਂ ਨਾਲ ਮਿਲ ਕੇ ਦੱਖਣੀ ਪੱਛਮੀ ਹਿੰਦ ਮਹਾਸਾਗਰ ਵਿੱਚ ਕੰਮ ਕਰ ਰਹੇ ਹਾਂ।’ -ਪੀਟੀਆਈ