ਪੇਈਚਿੰਗ, 5 ਅਗਸਤ
ਚੀਨ ਨੇ ਅੱਜ ਆਸ ਜਤਾਈ ਕਿ ਭਾਰਤ ਤੇ ਪਾਕਿਸਤਾਨ ਸੰਵਾਦ ਜ਼ਰੀਏ ਆਪਣੇ ਵੱਖਰੇਵਿਆਂ ਨੂੰ ‘ਢੁੱਕਵੇਂ’ ਤਰੀਕੇ ਨਾਲ ਨਜਿੱਠਣ ਤੇ ਰਿਸ਼ਤਿਆਂ ਨੂੰ ਸੁਧਾਰਨ ਦੇ ਸਮਰੱਥ ਹਨ। ਚੀਨ ਨੇ ਕਿਹਾ ਕਿ ਦੋਵੇਂ ਮੁਲਕ ਮਿਲ ਕੇ ਅਮਨ, ਸਥਿਰਤਾ ਤੇ ਵਿਕਾਸ ਦੀ ਰੱਖਿਆ ਕਰ ਸਕਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਵੈਂਗ ਨੇ ਕਿਹਾ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਦੀ ਸਹਿਹੋਂਦ ਦੋਵਾਂ ਮੁਲਕਾਂ ਤੇ ਕੌਮਾਂਤਰੀ ਭਾਈਚਾਰੇ ਦੇ ਬੁਨਿਆਦੀ ਹਿੱਤਾਂ ਦੀ ਪੂਰਤੀ ਕਰਦੀ ਹੈ। ਤਰਜਮਾਨ ਨੇ ਕਿਹਾ, ‘ਚੀਨ ਕਸ਼ਮੀਰ ਖਿੱਤੇ ਵਿੱਚ ਹਾਲਾਤ ’ਤੇ ਨੇੜਿਓਂ ਹੋ ਕੇ ਨਜ਼ਰ ਰੱਖ ਰਿਹਾ ਹੈ। ਸਾਡਾ ਨਜ਼ਰੀਆ ਸਥਿਰ ਤੇ ਸਪਸ਼ਟ ਹੈ। ਇਹ ਮੁੱਦਾ ਇਕ ਵਿਵਾਦ ਹੈ, ਜੋ ਭਾਰਤ ਤੇ ਪਾਕਿਸਤਾਨ ਵਿਚਲੇ ਇਤਿਹਾਸ ਨੇ ਅਣਸੁਲਝਿਆ ਛੱਡਿਆ ਹੈ। ਇਹ ਇਕ ਵਾਸਤਵਿਕ ਤੱਥ ਹੈ, ਜਿਸ ਨੂੰ ਯੂਐੱਨ ਚਾਰਟਰ, ਸਲਾਮਤੀ ਕੌਂਸਲ ਦੇ ਮਤਿਆਂ ਅਤੇ ਪਾਕਿਸਤਾਨ ਤੇ ਭਾਰਤ ਦਰਮਿਆਨ ਹੋਏ ਦੁਵੱਲੇ ਕਰਾਰਾਂ ਵਿੱਚ ਸਥਾਪਿਤ ਕੀਤਾ ਗਿਆ ਹੈ।’ ਵੈਂਗ ਨੇ ਕਿਹਾ ਕਿ ਮੌਜੂਦਾ ਸਥਿਤੀ ’ਚ ਇਕਪਾਸੜ ਬਦਲਾਅ ਗੈਰਕਾਨੂੰਨੀ ਤੇ ਗੈਰਵਾਜਬ ਹੈ। ਸਬੰਧਤ ਧਿਰਾਂ ਨੂੰ ਇਹ ਮੁੱਦਾ ਸ਼ਾਂਤੀਪੂਰਵਕ ਤਰੀਕੇ ਨਾਲ ਸੰਵਾਦ ਜ਼ਰੀਏ ਤੇ ਸਲਾਹ ਮਸ਼ਵਰੇ ਨਾਲ ਸੁਲਝਾਉਣਾ ਚਾਹੀਦਾ ਹੈ। ਚੇਤੇ ਰਹੇ ਕਿ ਚੀਨ ਨੇ ਪਿਛਲੇ ਸਾਲ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ਏ ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੱਡੇ ਜਾਣ ਦੀ ਭਾਰਤ ਦੀ ਪੇਸ਼ਕਦਮੀ ਨੂੰ ‘ਅਸਵੀਕਾਰ’ ਕਰਾਰ ਦਿੱਤਾ ਸੀ।