ਨਵੀਂ ਦਿੱਲੀ, 11 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਲੋਕਤਾਂਤਰਿਕ ਦੇਸ਼ਾਂ ਵਜੋਂ ਸੁਭਾਵਿਕ ਭਾਈਵਾਲ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵਰਚੁਅਲ ਮੀਟਿੰਗ ਦੌਰਾਨ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਵਿਸ਼ਵ ਦੇ ਦੋ ਸਭ ਤੋਂ ਪੁਰਾਣੇ ਅਤੇ ਵੱਡੇ ਲੋਕਤੰਤਰ ਵਜੋਂ ਅਸੀਂ ਸੁਭਾਵਿਕ ਭਾਈਵਾਲ ਹਾਂ।’’ ਉਨ੍ਹਾਂ ਕਿਹਾ ਕਿ ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਯੂੁਕਰੇਨ ਵਿੱਚ ਹਾਲਾਤ ਬੇਹੱਦ ਪ੍ਰੇਸ਼ਾਨ ਕਰਨ ਵਾਲੇ ਹਨ। ਬੁਕਾ (ਯੂਕਰੇਨ) ਵਿੱਚ ਹਾਲ ’ਚ ਹੀ ਨਿਰਦੋਸ਼ ਨਾਗਰਿਕਾਂ ਦੀਆਂ ਖ਼ਬਰਾਂ ਬਹੁਤ ਚਿੰਤਾਜਨਕ ਹਨ। ਅਸੀਂ ਤੁਰੰਤ ਇਸ ਦੀ ਨਿੰਦਾ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਗੱਲਬਾਤ ਨਾਲ ਸ਼ਾਂਤੀ ਦਾ ਰਾਹ ਨਿਕਲੇਗਾ।’’ ਮੋਦੀ ਨੇ ਕਿਹਾ, ‘‘ਮੈਂ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਗੱਲ ਕੀਤੀ ਹੈ। ਮੈਂ, ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਸਿੱਧੀ ਗੱਲਬਾਤ ਕਰਨ ਦਾ ਸੁਝਾਅ ਦਿੱਤਾ ਹੈ।’’ ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ‘‘ਸਾਡੇ ਦਰਮਿਆਨ ਇੱਕ ਸਮਰੱਥ ਅਤੇ ਵਿਕਾਸਸ਼ੀਲ ਰੱਖਿਆ ਭਾਈਵਾਲੀ ਹੈ।’’ ਉਨ੍ਹਾਂ ਕਿਹਾ, ‘ਮੈਂ ਭਾਰਤ ਵੱਲੋਂ ਯੂਕਰੇਨ ਜੰਗ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਸਹਾਇਤਾ ਦਾ ਸਵਾਗਤ ਕਰਦਾ ਹਾਂ।’’ ਬਾਇਡਨ ਨੇ ਕਿਹਾ, ‘‘ਇਸ ਰੂਸੀ ਜੰਗ ਦੇ ਪ੍ਰਭਾਵਾਂ ਨਾਲ ਨਜਿੱਠਣ ਤੇ ਸਥਿਰ ਕਰਨ ਲਈ ਭਾਰਤ ਅਤੇ ਅਮਰੀਕਾ ਨੇੜਿਓਂ ਵਿਚਾਰ-ਵਟਾਦਰਾ ਜਾਰੀ ਰੱਖਣਗੇ।’’ -ਪੀਟੀਆਈ