ਉਲਾਨਬਾਤਰ, 7 ਸਤੰਬਰ
ਮੰਗੋਲੀਆ ਦੇ ਦੌਰੇ ਉਤੇ ਗਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਉੱਥੋਂ ਦੇ ਰਾਸ਼ਟਰਪਤੀ ਉਖਨਾਗੀਨ ਖੁਰੇਲਸੁਖ ਨੇ ਇਕ ਸ਼ਾਨਦਾਰ ਘੋੜਾ ਤੋਹਫ਼ੇ ਵਿਚ ਦਿੱਤਾ ਹੈ। ਰਾਜਨਾਥ ਮੰਗੋਲੀਆ ਦੇ ਦੌਰੇ ਉਤੇ ਜਾਣ ਵਾਲੇ ਪਹਿਲੇ ਭਾਰਤੀ ਰੱਖਿਆ ਮੰਤਰੀ ਹਨ। ਸੱਤ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮੰਗੋਲੀਆ ਦੇ ਆਗੂਆਂ ਨੇ ਘੋੜਾ ਤੋਹਫ਼ੇ ਵਿਚ ਦਿੱਤਾ ਸੀ। ਰਾਜਨਾਥ ਨੇ ਘੋੜੇ ਦੀ ਫੋਟੋ ਟਵੀਟ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਦਾ ਨਾਂ ‘ਤੇਜਸ’ ਰੱਖਿਆ ਹੈ।
ਰੱਖਿਆ ਮੰਤਰੀ ਨੇ ਮੰਗੋਲੀਆ ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ। ਭਾਰਤੀ ਰੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਚੰਗੀ ਰਹੀ। ਰਾਜਨਾਥ ਨੇ ਕਿਹਾ ਕਿ ਭਾਰਤ ਮੰਗੋਲੀਆ ਦੇ ਨਾਲ ਆਪਣੀ ਬਹੁਪੱਖੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਵਚਨਬੱਧ ਹੈ। ਮੰਗੋਲੀਆ ਦੇ ਰਾਸ਼ਟਰਪਤੀ ਨੇ ਵੀ ਭਾਰਤ ਨਾਲ ਸਹਿਯੋਗ ਤੇ ਰਿਸ਼ਤਿਆਂ ਦੇ ਵਿਸਤਾਰ ਉਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੁਣ ਰਾਜਨਾਥ ਸਿੰਘ ਵੱਲੋਂ ਕੀਤੇ ਦੌਰੇ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ। ਜ਼ਿਕਰਯੋਗ ਹੈ ਕਿ ਮੰਗੋਲੀਆ ਘੋੜਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਇੱਥੇ 30 ਲੱਖ ਤੋਂ ਵੀ ਵੱਧ ਘੋੜੇ ਹਨ। ਰੱਖਿਆ ਮੰਤਰੀ ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾਂ ਦੇ ਦੌਰੇ ਉਤੇ ਗਏ ਹਨ। ਇਸ ਦੌਰੇ ਦਾ ਮੰਤਵ ਲਗਾਤਾਰ ਬਦਲ ਰਹੇ ਖੇਤਰੀ ਸੁਰੱਖਿਆ ਦੇ ਸਮੀਕਰਨਾਂ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਮੁਲਕਾਂ ਨਾਲ ਭਾਰਤ ਦੇ ਰਣਨੀਤਕ ਹਿੱਤਾਂ ਦਾ ਵਿਸਤਾਰ ਹੈ। ਰਾਜਨਾਥ ਪੰਜ ਤੋਂ ਸੱਤ ਸਤੰਬਰ ਤੱਕ ਮੰਗੋਲੀਆ ਦੇ ਦੌਰੇ ਉਤੇ ਸਨ। -ਪੀਟੀਆਈ
ਮੰਤਰੀ ਪੱਧਰ ਦੇ ਸੰਵਾਦ ਲਈ ਜਪਾਨ ਪੁੱਜੇ ਰਾਜਨਾਥ
ਟੋਕੀਓ: ਰੱਖਿਆ ਮੰਤਰੀ ਰਾਜਨਾਥ ਸਿੰਘ 2+2 ਮੰਤਰੀ ਪੱਧਰ ਦੇ ਸੰਵਾਦ ਲਈ ਜਪਾਨ ਪਹੁੰਚ ਗਏ ਹਨ। ਦੋਵਾਂ ਮੁਲਕਾਂ ਵਿਚਾਲੇ ਇਹ ਅਜਿਹਾ ਦੂਜਾ ਸੰਵਾਦ ਹੈ। ਇਸ ਤਹਿਤ ਰਾਜਨਾਥ ਸਿੰਘ ਆਪਣੇ ਜਪਾਨੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਭਲਕੇ ਆਪਣੇ ਹਮਰੁਤਬਾ ਯੋਸ਼ੀਮਾਸਾ ਹਯਾਸ਼ੀ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਦੁਵੱਲੇ ਸਬੰਧਾਂ ਦੀ ਸਮੀਖਿਆ ਹੋਵੇਗੀ ਤੇ ਅਗਲੀ ਰਣਨੀਤੀ ’ਤੇ ਵੀ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਤੇ ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਦੇ ਰਾਹ ਉਤੇ ਚੱਲ ਰਹੇ ਹਨ। ਰਾਜਨਾਥ ਜਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨਾਲ ਵੀ ਮੁਲਾਕਾਤ ਕਰਨਗੇ। -ਏਐੱਨਆਈ