* ਭਾਰਤੀ ਅਰਥਚਾਰਾ ਦੁਨੀਆ ’ਚ ਤੇਜ਼ੀ ਨਾਲ ਵਿਕਸਤ ਹੋਣ ਦਾ ਕੀਤਾ ਦਾਅਵਾ
* ਰੂਸੀ ਰਾਸ਼ਟਰਪਤੀ ਨੇ ਭਾਰਤ ਨਾਲ ਗੂੜ੍ਹੇ ਸਬੰਧ ਹੋਣ ਦਾ ਕੀਤਾ ਜ਼ਿਕਰ
ਮਾਸਕੋ, 8 ਨਵੰਬਰ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਭਾਰਤ ਆਲਮੀ ਮਹਾਸ਼ਕਤੀਆਂ ਦੀ ਸੂਚੀ ’ਚ ਸ਼ਾਮਲ ਹੋਣ ਦਾ ਹੱਕਦਾਰ ਹੈ ਕਿਉਂਕਿ ਉਸ ਦਾ ਅਰਥਚਾਰਾ ਮੌਜੂਦਾ ਸਮੇਂ ਕਿਸੇ ਵੀ ਹੋਰ ਮੁਲਕ ਦੇ ਮੁਕਾਬਲੇ ’ਚ ਤੇਜ਼ੀ ਨਾਲ ਵੱਧ ਰਿਹਾ ਹੈ। ਸੋਚੀ ’ਚ ‘ਵਲਦਾਈ ਡਿਸਕਸ਼ਨ ਕਲੱਬ’ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਪੂਤਿਨ ਨੇ ਇਹ ਵੀ ਕਿਹਾ ਕਿ ਭਾਰਤ ਨਾਲ ਰੂਸ ਹਰ ਪੱਖੋਂ ਸਬੰਧ ਵਿਕਸਤ ਕਰ ਰਿਹਾ ਹੈ ਅਤੇ ਦੁਵੱਲੇ ਸਬੰਧਾਂ ’ਚ ਇਕ-ਦੂਜੇ ’ਤੇ ਦੋਵੇਂ ਮੁਲਕਾਂ ਦਾ ਡੂੰਘਾ ਵਿਸ਼ਵਾਸ ਹੈ।
ਉਨ੍ਹਾਂ ਕਿਹਾ, ‘‘ਡੇਢ ਅਰਬ ਦੀ ਆਬਾਦੀ ਵਾਲੇ ਦੁਨੀਆ ਦੇ ਸਾਰੇ ਅਰਥਚਾਰਿਆਂ ’ਚ ਸਭ ਤੋਂ ਤੇਜ਼ ਵਿਕਾਸ ਵਾਲੇ, ਪ੍ਰਾਚੀਨ ਸੱਭਿਆਚਾਰ ਅਤੇ ਭਵਿੱਖ ’ਚ ਵਿਕਾਸ ਦੀਆਂ ਬਹੁਤ ਵਧੀਆ ਸੰਭਾਵਨਾਵਾਂ ਕਾਰਨ ਭਾਰਤ ਨੂੰ ਬਿਨਾਂ ਸ਼ੱਕ ਮਹਾਸ਼ਕਤੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।’’ ਭਾਰਤ ਨੂੰ ਮਹਾਨ ਮੁਲਕ ਗਰਦਾਨਦਿਆਂ ਪੂਤਿਨ ਨੇ ਕਿਹਾ ਕਿ ਉਹ ਆਰਥਿਕ ਵਿਕਾਸ ’ਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਰੂਸੀ ਖ਼ਬਰ ਏਜੰਸੀ ਤਾਸ ਨੇ ਪੂਤਿਨ ਦੇ ਹਵਾਲੇ ਨਾਲ ਕਿਹਾ, ‘‘ਦੋਵੇਂ ਮੁਲਕਾਂ ਦੇ ਸਬੰਧ ਕਿਥੇ ਅਤੇ ਕਿਸ ਰਫ਼ਤਾਰ ਨਾਲ ਵਿਕਸਤ ਹੋਣਗੇ, ਇਸ ਬਾਰੇ ਸਾਡਾ ਨਜ਼ਰੀਆ ਅੱਜ ਦੀਆਂ ਹਕੀਕਤਾਂ ’ਤੇ ਆਧਾਰਿਤ ਹੈ। ਸਾਡਾ ਸਹਿਯੋਗ ਹਰ ਸਾਲ ਕਈ ਗੁਣਾ ਵੱਧ ਰਿਹਾ ਹੈ।’’ ਪੂਤਿਨ ਨੇ ਕਿਹਾ ਕਿ ਸੁਰੱਖਿਆ ਅਤੇ ਰੱਖਿਆ ਖੇਤਰ ’ਚ ਭਾਰਤ ਅਤੇ ਰੂਸ ਵਿਚਕਾਰ ਸੰਪਰਕ ਵਿਕਸਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਤਰ੍ਹਾਂ ਦੇ ਰੂਸੀ ਹਥਿਆਰ ਭਾਰਤੀ ਫੌਜ ਕੋਲ ਹਨ। -ਪੀਟੀਆਈ
ਪੂਤਿਨ ਨੇ ਭਾਰਤ-ਚੀਨ ਵਿਚਾਲੇ ਸਰਹੱਦ ’ਤੇ ਵਿਵਾਦ ਹੋਣ ਦੀ ਗੱਲ ਸਵੀਕਾਰੀ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਅਤੇ ਚੀਨ ਵਿਚਕਾਰ ਸਰਹੱਦ ’ਤੇ ਕੁਝ ਵਿਵਾਦ ਹੋਣ ਦੀ ਗੱਲ ਸਵੀਕਾਰੀ। ਉਂਝ ਉਨ੍ਹਾਂ ਕਿਹਾ ਕਿ ਆਪਣੇ ਮੁਲਕਾਂ ਦੇ ਭਵਿੱਖ ਨੂੰ ਧਿਆਨ ’ਚ ਰਖਦਿਆਂ ਅਕਲਮੰਦ ਅਤੇ ਸਮਰੱਥ ਲੋਕ ਸਮਝੌਤੇ ਦੀ ਭਾਲ ’ਚ ਹਨ ਅਤੇ ਅਖੀਰ ’ਚ ਉਹ ਇਸ ਦਾ ਹੱਲ ਲੱਭ ਲੈਣਗੇ। -ਪੀਟੀਆਈ