ਸੰਯੁਕਤ ਰਾਸ਼ਟਰ, 10 ਫਰਵਰੀ
ਭਾਰਤ ਨੇ ਆਈਐੱਸਆਈਐੱਸ ਬਾਰੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਉਸ ਰਿਪੋਰਟ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਜਿਸ ’ਚ ਪਾਕਿਸਤਾਨ ਸਥਿਤ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਵਿਚਾਲੇ ਕਰੀਬੀ ਸਬੰਧ ਹੋਣ ਦਾ ਜ਼ਿਕਰ ਨਹੀਂ ਕੀਤਾ ਗਿਆ ਜਦਕਿ ਨਵੀਂ ਦਿੱਲੀ ਨੇ ਇਸ ਪ੍ਰਤੀ ਲਗਾਤਾਰ ਚਿੰਤਾ ਜ਼ਾਹਿਰ ਕੀਤੀ ਹੈ। ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਆਈਐੱਸਆਈਐੱਸ ਤੋਂ ਪੈਦਾ ਹੋਏ ਖਤਰੇ ਅਤੇ ਇਸ ਨਾਲ ਨਜਿੱਠਣ ਲਈ ਮੈਂਬਰ ਮੁਲਕਾਂ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਦੇ ਸਹਿਯੋਗ ਬਾਰੇ ਸੰਯੁਕਤ ਰਾਸ਼ਟਰ ਦੀ 14ਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਅਫ਼ਗਾਨਿਸਤਾਨ ’ਚ ਸੁਰੱਖਿਆ ਹਾਲਾਤ ਨਾਟਕੀ ਢੰਗ ਨਾਲ ਬਦਲ ਗਏ ਜਦੋਂ ਤਾਲਿਬਾਨ ਨੇ ਇੱਕ ਫੌਜੀ ਮੁਹਿੰਮ ਤੋਂ ਬਾਅਦ ਕਾਬੁਲ ਸਮੇਤ ਪੂਰੇ ਮੁਲਕ ’ਤੇ ਕਬਜ਼ਾ ਕਰ ਲਿਆ।
ਰਿਪੋਰਟ ਅਨੁਸਾਰ ਅਤਿਵਾਦੀ ਜਥੇਬੰਦੀ ਆਈਐੱਸਆਈਐੱਸ ਕਾਬੁਲ ’ਚ ਖੁਦ ਨੂੰ ਮੁੱਖ ਤਾਕਤ ਵਜੋਂ ਸਥਾਪਤ ਕਰਨਾ ਚਾਹੁੰਦੀ ਹੈ ਅਤੇ ਗੁਆਂਢੀ ਮੱਧ ਤੇ ਦੱਖਣੀ ਏਸ਼ਿਆਈ ਮੁਲਕਾਂ ’ਚ ਆਪਣਾ ਵਿਸਥਾਰ ਕਰ ਰਹੀ ਹੈ। ਤਾਲਿਬਾਨ ਇਸ ਨੂੰ ਆਪਣੇ ਮੁੱਖ ਹਥਿਆਰਬੰਦ ਖਤਰੇ ਵਜੋਂ ਦੇਖਦਾ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਰਿਪੋਰਟ ਨੂੰ ਲੈ ਕੇ ਬੀਤੇ ਦਿਨ ਅਤਿਵਾਦੀ ਗਤੀਵਿਧੀਆਂ ਤੋਂ ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਦਰਪੇਸ਼ ਖਤਰਿਆਂ ਬਾਰੇ ਸੁਰੱਖਿਆ ਕਾਊਂਸਲ ਦੀ ਰਿਪੋਰਟ ਸਬੰਧੀ ਯੂਐੱਨ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਕਿਹਾ ਕਿ ਭਾਰਤ ਵਾਰ-ਵਾਰ ਦੁਹਰਾਉਂਦਾ ਰਿਹਾ ਹੈ ਕਿ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਹੋਰ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਵਿਚਾਲੇ ਡੂੰਘੇ ਰਿਸ਼ਤੇ ਹਨ। ਤ੍ਰਿਮੂਰਤੀ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਇਹ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਅਣਦੇਖਿਆ ਨਾ ਕਰੀਏ ਕਿ ਪਾਬੰਦੀਸ਼ੁਦਾ ਹੱਕਾਨੀ ਨੈੱਟਵਰਕ ਨੇ ਕਿਵੇਂ ਆਪਣੇ ਪਨਾਹਗਾਰ ਮੁਲਕ ਦੀ ਹਮਾਇਤ ਨਾਲ ਦੱਖਣੀ ਏਸ਼ੀਆ ’ਚ ਅਲ-ਕਾਇਦਾ, ਆਈਐੱਸਆਈਐੱਸ-ਕੇ ਵਰਗੀਆਂ ਮੁੱਖ ਅਤਿਵਾਦੀ ਜਥੇਬੰਦੀਆਂ ਨਾਲ ਮਿਲ ਕੇ ਕੰਮ ਕੀਤਾ ਹੈ।’
ਉਨ੍ਹਾਂ ਕਿਹਾ, ‘ਇਨ੍ਹਾਂ ਫਿਕਰਾਂ ਵੱਲ ਵਾਰ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਜਨਰਲ ਸਕੱਤਰ ਦੀ ਰਿਪੋਰਟ ਅਜਿਹੇ ਸਬੰਧਾਂ ’ਤੇ ਰੋਸ਼ਨੀ ਪਾਉਣ ’ਚ ਨਾਕਾਮ ਰਹੀ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ’ਚ ਇਸ ਰਿਪੋਰਟ ਵਿੱਚ ਸਾਰੇ ਮੈਂਬਰ ਮੁਲਕਾਂ ਦੇ ਸੁਝਾਅ ਬਰਾਬਰ ਪੱਧਰ ’ਤੇ ਸ਼ਾਮਲ ਕੀਤੇ ਜਾਣਗੇ। -ਪੀਟੀਆਈ
ਮੁੰਬਈ ਤੇ ਪਠਾਨਕੋਟ ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ: ਭਾਰਤ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ (ਯੂਐੱਨਐੱਸੀ) ’ਚ ਭਾਰਤੀ ਦੂਤ ਨੇ ਕਿਹਾ ਕਿ ਭਾਰਤ ਨੇ ਲੰਮੇ ਸਮੇਂ ਤੋਂ ਸਰਹੱਦ ਪਾਰ ਤੋਂ ਹੋਣ ਵਾਲੇ ਅਤਿਵਾਦ ਦਾ ਦੁੱਖ ਝੱਲਿਆ ਹੈ ਅਤੇ ਪਾਕਿਸਤਾਨ ਸਥਿਤ ਅਤਿਵਾਦੀ ਗਰੁੱਪਾਂ ਵੱਲੋਂ ਅੰਜਾਮ ਦਿੱਤੇ ਗਏ 2008 ਦੇ ਮੁੰਬਈ ਅਤਿਵਾਦੀ ਹਮਲੇ ਅਤੇ 2016 ਦੇ ਪਠਾਨਕੋਟ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ‘ਅਤਿਵਾਦੀ ਗਤੀਗਿਧੀਆਂ ਕਾਰਨ ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਖਤਰਾ’ ਵਿਸ਼ੇ ’ਤੇ ਭਾਰਤ ਦੀ ਦ੍ਰਿੜ੍ਹਤਾ ਨੂੰ ਦੁਹਰਾਇਆ ਕਿ ਦੁਨੀਆ ਦੇ ਇੱਕ ਵੀ ਹਿੱਸੇ ’ਚ ਜੇਕਰ ਅਤਿਵਾਦ ਹੈ ਤਾਂ ਉਹ ਸਾਰੀ ਦੁਨੀਆ ਦੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਇੱਕ ਅਜਿਹੇ ਦੇਸ਼ ਵਜੋਂ ਜਿਸ ਨੂੰ 2008 ’ਚ ਮੁੰਬਈ ਅਤਿਵਾਦੀ ਹਮਲੇ ਅਤੇ 2016 ਦੇ ਪਠਾਨਕੋਟ ਅਤਿਵਾਦੀ ਹਮਲੇ ਸਮੇਤ ਸਰਹੱਦ ਪਾਰ ਤੋਂ ਅਤਿਵਾਦ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ, ‘ਭਾਰਤ ਅਤਿਵਾਦ ਦੀ ਮਨੁੱਖੀ ਕੀਮਤ ਜਾਣਦਾ ਹੈ ਅਤੇ ਇਨ੍ਹਾਂ ਅਤਿਵਾਦੀ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਨੂੰ ਇਨਸਾਫ਼ ਦੇ ਕਟਹਿਰੇ ’ਚ ਲਿਆਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਹਮਲਿਆਂ ਦੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। -ਪੀਟੀਆਈ