ਸੰਯੁਕਤ ਰਾਸ਼ਟਰ/ਜਨੇਵਾ, 13 ਮਈ
ਰੂਸ ਦੇ ਹਮਲੇ ਕਾਰਨ ਯੂਕਰੇਨ ਵਿਚ ਵਿਗੜ ਰਹੀ ਮਨੁੱਖੀ ਹੱਕਾਂ ਦੀ ਸਥਿਤੀ ’ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਰੱਖੇ ਗਏ ਮਤੇ ਤੋਂ ਭਾਰਤ ਨੇ ਅੱਜ ਦੂਰੀ ਬਣਾ ਲਈ। ਪਰਿਸ਼ਦ ਨੇ ਮਤੇ ਵਿਚ ਮੁੜ ਤੁਰੰਤ ਫ਼ੌਜੀ ਕਾਰਵਾਈ ਰੋਕਣ ਦੀ ਮੰਗ ਕੀਤੀ ਹੈ।
ਜਨੇਵਾ ਵਿਚ ਸੰਯੁਕਤ ਰਾਸ਼ਟਰ ਦੀ ਇਕਾਈ ਨੇ ਵੀਰਵਾਰ ਆਪਣਾ 34ਵਾਂ ਸੈਸ਼ਨ ਇਹ ਮਤਾ ਅਪਣਾ ਕੇ ਖ਼ਤਮ ਕੀਤਾ। ਇਸ ਮਤੇ ਦੇ ਹੱਕ ਵਿਚ 33 ਵੋਟਾਂ ਪਈਆਂ। ਚੀਨ ਨੇ ਮਤੇ ਦੇ ਖ਼ਿਲਾਫ਼ ਵੋਟ ਪਾਈ। ਭਾਰਤ, ਅਰਮੀਨੀਆ, ਬੋਲੀਵੀਆ, ਕੈਮਰੂਨ, ਕਿਊਬਾ, ਕਜ਼ਾਖ਼ਸਤਾਨ, ਨਮੀਬੀਆ, ਪਾਕਿਸਤਾਨ, ਸੈਨੇਗਲ, ਸੂਡਾਨ, ਉਜ਼ਬੇਕਿਸਤਾਨ ਤੇ ਵੈਨਜ਼ੁਏਲਾ ਨੇ ਮਤੇ ਤੋਂ ਦੂਰੀ ਬਣਾ ਲਈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ, ਮਹਾਸਭਾ ਤੇ ਮਨੁੱਖੀ ਹੱਕ ਕੌਂਸਲ ਵਿਚ ਪੇਸ਼ ਕੀਤੇ ਗਏ ਮਤਿਆਂ ਤੋਂ ਦੂਰੀ ਹੀ ਬਣਾਈ ਹੈ ਤੇ ਵੋਟਿੰਗ ਵਿਚ ਵੀ ਹਿੱਸਾ ਨਹੀਂ ਲਿਆ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਇੰਦਰਾ ਮਣੀ ਪਾਂਡੇ ਨੇ ਸੈਸ਼ਨ ਵਿਚ ਕਿਹਾ ਕਿ ਯੂਕਰੇਨ ਸੰਕਟ ’ਤੇ ਭਾਰਤ ਦਾ ਰੁਖ਼ ਪਹਿਲਾਂ ਵਾਲਾ ਹੀ ਹੈ। ਉਨ੍ਹਾਂ ਕਿਹਾ, ‘ਅਸੀਂ ਯੂਕਰੇਨ ਵਿਚ ਬਣੇ ਹਾਲਾਤ ਬਾਰੇ ਬਹੁਤ ਫ਼ਿਕਰਮੰਦ ਹਾਂ। ਭਾਰਤ ਨੇ ਸ਼ੁਰੂ ਤੋਂ ਹਿੰਸਾ ਰੋਕਣ ਤੇ ਦੁਸ਼ਮਣੀ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਲਮੀ ਆਗੂਆਂ ਨਾਲ ਮੁਲਾਕਾਤਾਂ ਵਿਚ ਇਹ ਗੱਲ ਉਭਾਰ ਚੁੱਕੇ ਹਨ। ਯੂਕਰੇਨ ਤੇ ਰੂਸ ਨੂੰ ਵੀ ਇਹੀ ਸੁਨੇਹਾ ਦਿੱਤਾ ਗਿਆ ਹੈ। ਭਾਰਤ ਇਹੀ ਮੰਨਦਾ ਹੈ ਕਿ ਸੰਵਾਦ ਤੇ ਕੂਟਨੀਤੀ ਹੀ ਇਕੋ-ਇਕ ਰਾਹ ਹੈ।’ ਮਨੁੱਖੀ ਅਧਿਕਾਰ ਪਰਿਸ਼ਦ ਨੇ ਯੂਕਰੇਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਮਤੇ ਵਿਚ ਕਿਹਾ ਕਿ ਫਰਵਰੀ ਤੇ ਮਾਰਚ 2022 ਦਰਮਿਆਨ ਕੀਵ, ਚਰਨੀਹੀਵ, ਖਾਰਕੀਵ ਤੇ ਸੂਮੀ ਵਿਚ ਵਾਪਰੀਆਂ ਘਟਨਾਵਾਂ ਦੀ ਕੌਮਾਂਤਰੀ ਮਿਆਰਾਂ ਮੁਤਾਬਕ ਜਾਂਚ ਹੋਣੀ ਚਾਹੀਦੀ ਹੈ। -ਪੀਟੀਆਈ
ਕੀਵ ’ਚ ਭਾਰਤ ਦਾ ਦੂਤਾਵਾਸ 17 ਤੋਂ ਮੁੜ ਖੁੱਲ੍ਹੇਗਾ
ਨਵੀਂ ਦਿੱਲੀ: ਭਾਰਤ ਨੇ ਅੱਜ ਐਲਾਨ ਕੀਤਾ ਕਿ ਦੇਸ਼ ਦਾ ਕੀਵ ਵਿਚਲਾ ਦੂਤਾਵਾਸ 17 ਮਈ ਤੋਂ ਮੁੜ ਕੰੰਮ ਆਰੰਭ ਦੇਵੇਗਾ। ਦੂਤਾਵਾਸ ਆਰਜ਼ੀ ਤੌਰ ’ਤੇ ਵਾਰਸਾ ਤੇ ਪੋਲੈਂਡ ਤੋਂ ਚੱਲ ਰਿਹਾ ਸੀ। ਦੂਤਾਵਾਸ ਨੂੰ 13 ਮਾਰਚ ਨੂੰ ਆਰਜ਼ੀ ਤੌਰ ’ਤੇ ਵਾਰਸਾ ਤਬਦੀਲ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਕਈ ਪੱਛਮੀ ਮੁਲਕ ਯੂਕਰੇਨ ਦੀ ਰਾਜਧਾਨੀ ਵਿਚ ਆਪਣੇ ਦੂਤਾਵਾਸ ਮੁੜ ਸ਼ੁਰੂ ਕਰ ਰਹੇ ਹਨ। -ਪੀਟੀਆਈ