ਕਾਹਿਰਾ, 21 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਮਿਸਰ ਦੇ ਆਪਣੇ ਦੌਰੇ ਨੂੰ ਵਧੇਰੇ ਫਾਇਦੇਮੰਦ ਦਸਦਿਆਂ ਭਰੋਸਾ ਜਤਾਇਆ ਕਿ ਦੋਵੇਂ ਧਿਰਾਂ ਵਿਚਕਾਰ ਰੱਖਿਆ ਸਹਿਯੋਗ ’ਤੇ ਸਮਝੌਤੇ ’ਤੇ ਦਸਤਖ਼ਤ ਨਾਲ ਭਾਰਤ-ਮਿਸਰ ਭਾਈਵਾਲੀ ਇਤਿਹਾਸਕ ਉਚਾਈਆਂ ’ਤੇ ਪਹੁੰਚੇਗੀ। ਰਾਜਨਾਥ ਰਣਨੀਤਕ ਤੌਰ ’ਤੇ ਅਹਿਮ ਇਸ ਅਰਬ ਮੁਲਕ ਦੇ ਤਿੰਨ ਰੋਜ਼ਾ ਦੌਰੇ ’ਤੇ ਆਏ ਸਨ। ਉਨ੍ਹਾਂ ਟਵੀਟ ਕੀਤਾ,‘‘ਮਿਸਰ ਦੀ ਵਧੇਰੇ ਫਾਇਦੇਮੰਦ ਯਾਤਰਾ ਹੁਣ ਖ਼ਤਮ ਹੋਈ ਹੈ। ਮੈਂ ਰਾਸ਼ਟਰਪਤੀ ਅਬਦੁੱਲ ਫਤਹਿ ਅਲ-ਸੀਸੀ ਅਤੇ ਹਮਰੁਤਬਾ ਜਨਰਲ (ਮੁਹੰਮਦ) ਜ਼ਕੀ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਰੱਖਿਆ ਸਹਿਯੋਗ ’ਤੇ ਐੱਮਓਯੂ ਉਪਰ ਦਸਤਖ਼ਤ ਹੋਣ ਨਾਲ ਸਾਡੀ ਭਾਈਵਾਲੀ ਇਤਿਹਾਸਕ ਉਚਾਈਆਂ ’ਤੇ ਪਹੁੰਚੇਗੀ।’’ ਉਨ੍ਹਾਂ ਮੇਜ਼ਬਾਨ ਮੁਲਕ ਦੇ ਅਧਿਕਾਰੀਆਂ ਤੋਂ ਵਿਦਾਇਗੀ ਲੈਂਦਿਆਂ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸ ਦੌਰੇ ਦੌਰਾਨ ਦੋਵੇਂ ਮੁਲਕਾਂ ਨੇ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ ਅਤੇ ਸਾਂਝੀਆਂ ਮਸ਼ਕਾਂ ਕਰਨ ’ਤੇ ਸਹਿਮਤੀ ਜਤਾਈ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਸੀ ਕਿ ਦੋਵੇਂ ਮੁਲਕਾਂ ਨੇ ਰੱਖਿਆਂ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਕਦਮਾਂ ਬਾਰੇ ਚਰਚਾ ਕੀਤੀ ਅਤੇ ਸਾਂਝੀਆਂ ਮਸ਼ਕਾਂ, ਸਿਖਲਾਈ ਲਈ ਜਵਾਨਾਂ ਦੇ ਆਦਾਨ-ਪ੍ਰਦਾਨ, ਉਚੇਚੇ ਤੌਰ ’ਤੇ ਅਤਿਵਾਦ ਵਿਰੋਧੀ ਕਾਰਵਾਈਆਂ ਦੇ ਮਾਮਲੇ ’ਚ ਸਹਿਯੋਗ ਹੋਰ ਵਧਾਉਣ ’ਤੇ ਆਮ ਸਹਿਮਤੀ ਬਣੀ। -ਪੀਟੀਆਈ