ਸੰਯੁਕਤ ਰਾਸ਼ਟਰ, 27 ਜੁਲਾਈ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਨੁਮਾਇੰਦੇ ਆਰ.ਰਵਿੰਦਰ ਨੇ ‘ਫਲਸਤੀਨ ਦੇ ਸਵਾਲ’ ਨੂੰ ਲੈ ਕੇ ਯੂਐੱਨ ਸੁਰੱਖਿਆ ਕੌਂਸਲ ਦੀ ਖੁੱਲ੍ਹੀ ਬਹਿਸ ਦੌਰਾਨ ਕਿਹਾ ਕਿ ਮੱਧ ਪੂਰਬ ਦੀ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਭਾਰਤ ਦਾ ਕਾਫ਼ੀ ਕੁਝ ਦਾਅ ’ਤੇ ਲੱਗਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਨਵੇਂ ਬਣੇ ਆਈ2ਯੂ2 ਸਮੂਹ ਜ਼ਰੀਏ ਉਹ ਖਿੱਤੇ ਅਤੇ ਦੱਖਣੀ ਏਸ਼ੀਆ ਵਿੱਚ ਊਰਜਾ, ਖੁਰਾਕ ਸੁਰੱਖਿਆ ਤੇ ਆਰਥਿਕ ਵਿਕਾਸ ਜਿਹੇ ਖੇਤਰਾਂ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ। ਦੱਸ ਦੇਈਏ ਕਿ ਆਈ2ਯੂ2 ਚਾਰ ਮੁਲਕੀ ਸਮੂਹ ਹੈ, ਜਿਸ ਵਿੱਚ ਭਾਰਤ, ਇਜ਼ਰਾਈਲ, ਯੂਏਈ ਤੇ ਅਮਰੀਕਾ ਸ਼ਾਮਲ ਹਨ। ਯੂਐੱਨ ਵਿਚਲੇ ਭਾਰਤੀ ਨੁਮਾਇੰਦੇ ਨੇ ਕਿਹਾ, ‘‘ਮੱਧ ਪੂਰਬ ਦੀ ਸ਼ਾਂਤੀ ਤੇ ਖੁ਼ਸ਼ਹਾਲੀ ਯਕੀਨੀ ਬਣਾਉਣ ਵਿੱਚ ਭਾਰਤ ਦਾ ਕਾਫ਼ੀ ਕੁਝ ਦਾਅ ’ਤੇ ਲੱਗਾ ਹੈ। ਸਾਨੂੰ ਯਕੀਨ ਹੈ ਕਿ ਆਈ2ਯੂ2 ਮੱਧ ਪੂਰਬ ਤੇ ਦੱਖਣੀ ਏਸ਼ੀਆ ਵਿੱਚ ਊਰਜਾ ਸੁਰੱਖਿਆ, ਖੁਰਾਕ ਸੁਰੱਖਿਆ ਤੇ ਆਰਥਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਏਗਾ।’’ -ਪੀਟੀਆਈ