ਵਾਸ਼ਿੰਗਟਨ, 28 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਰੂਸ ਤੋਂ ਲਏ ਗਏ ਫ਼ੌਜੀ ਉਪਕਰਨਾਂ ਦੀ ਮੁਰੰਮਤ ਤੇ ਸਪੇਅਰ ਪਾਰਟਸ (ਪੁਰਜ਼ਿਆਂ) ਦੀ ਸਪਲਾਈ ਦੇ ਮਾਮਲੇ ’ਚ ਭਾਰਤ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ। ਭਾਰਤ ਨੇ ਸਪੱਸ਼ਟ ਕੀਤਾ ਕਿ ਯੂਕਰੇਨ ਜੰਗ ਲੱਗਣ ਤੋਂ ਬਾਅਦ ਉਸ ਨੂੰ ਕੋਈ ਸਮੱਸਿਆ ਨਹੀਂ ਆਈ। ਭਾਰਤ ਨੇ ਨਾਲ ਹੀ ਕਿਹਾ ਕਿ ਹਥਿਆਰਾਂ ਦੀ ਚੋਣ ਦੇ ਮਾਮਲੇ ਵਿਚ ਦੇਸ਼ ਉਹੀ ਚੁਣਦਾ ਹੈ ਜੋ ਉਸ ਨੂੰ ਕੌਮੀ ਹਿੱਤਾਂ ਮੁਤਾਬਕ ਲੱਗਦਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਹ ਟਿੱਪਣੀਆਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਇਕ ਸਾਂਝੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀਆਂ। ਪੱਤਰਕਾਰਾਂ ਨੇ ਜੈਸ਼ੰਕਰ ਤੋਂ ਭਾਰਤ ਦੀ ਰੱਖਿਆ ਖ਼ਰੀਦ ਬਾਰੇ ਵੀ ਸਵਾਲ ਕੀਤੇ। ਜ਼ਿਕਰਯੋਗ ਹੈ ਕਿ ਯੂਕਰੇਨ ਜੰਗ ਤੋਂ ਬਾਅਦ ਅਮਰੀਕਾ ਨੇ ਰੂਸ ਉਤੇ ਪਾਬੰਦੀਆਂ ਲਾ ਦਿੱਤੀਆਂ ਸਨ। ਅਮਰੀਕਾ ਜਾਂ ਇਜ਼ਰਾਈਲ ਤੋਂ ਹਥਿਆਰ ਖ਼ਰੀਦਣ ਦੇ ਸਵਾਲ ’ਤੇ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਕਿੱਥੋਂ ਫ਼ੌਜੀ ਉਪਕਰਨ ਤੇ ਪਲੈਟਫਾਰਮ ਖ਼ਰੀਦਦੇ ਹਾਂ, ਇਹ ਕੋਈ ਮੁੱਦਾ ਨਹੀਂ ਹੈ।’ ਉਨ੍ਹਾਂ ਨਾਲ ਹੀ ਕਿਹਾ ਕਿ ਭੂਗੋਲਿਕ-ਸਿਆਸੀ ਤਣਾਅ ਕਾਰਨ ਮੁੱਦੇ ਹੁਣ ਬਦਲ ਗਏ ਹਨ ਤੇ ਨਵੇਂ ਮੁੱਦੇ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਪੂਰੇ ਸੰਸਾਰ ਵਿਚ ਸੰਭਾਵਨਾਵਾਂ ਤਲਾਸ਼ ਰਿਹਾ ਹੈ, ਤਕਨੀਕ ਦੀ ਗੁਣਵੱਤਾ ਤੇ ਸਮਰੱਥਾ ਉਤੇ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿਚ ਭਾਰਤ ਨੇ ਅਮਰੀਕਾ ਤੋਂ ਸੀ-17, ਸੀ-130 ਜਿਹੇ ਜਹਾਜ਼, ਅਪਾਚੇ ਤੇ ਚਿਨੂਕ ਹੈਲੀਕਾਪਟਰ ਖ਼ਰੀਦੇ ਹਨ। ਇਸੇ ਤਰ੍ਹਾਂ ਫਰਾਂਸ ਤੋਂ ਰਾਫਾਲ ਲਏ ਗਏ ਹਨ। ਜੈਸ਼ੰਕਰ ਨੇ ਕਿਹਾ ਕਿ ਭਾਰਤ ਵਿਚ ਵੱਖ-ਵੱਖ ਸਰੋਤਾਂ ਤੋਂ ਹਥਿਆਰ ਲੈਣ ਦੀ ਰਵਾਇਤ ਰਹੀ ਹੈ। ਇਸ ਲਈ ਮੁਕਾਬਲੇ ਦੀ ਸਥਿਤੀ ਤੇ ਵਧੀਆ ਸੌਦੇ ਨੂੰ ਤਵੱਜੋਂ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰੂਸ ਨੇ ਭਾਰਤ ਨੂੰ ਐੱਸ-400 ਮਿਜ਼ਾਈਲਾਂ ਦਿੱਤੀਆਂ ਹਨ ਜਿਸ ’ਤੇ ਅਮਰੀਕਾ ਨੇ ਇਤਰਾਜ਼ ਜਤਾਇਆ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਕੱਚੇ ਤੇਲ ਦੀ ਕੀਮਤ ’ਚ ਤੇਜ਼ੀ ਤੋਂ ਭਾਰਤ ਫਿਕਰਮੰਦ ਹੈ ਅਤੇ ਇਹ ਮੁਲਕ ਦਾ ਲੱਕ ਤੋੜ ਰਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਦੁਵੱਲੀ ਗੱਲਬਾਤ ਮਗਰੋਂ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਮੁਲਕਾਂ ਵਿਚਕਾਰ ਊਰਜਾ ਲੋੜਾਂ ਦੇ ਹੱਲ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਹੈ। -ਪੀਟੀਆਈ
ਬਲਿੰਕਨ ਵੱਲੋਂ ਜੈਸ਼ੰਕਰ ਨੂੰ ਵੀਜ਼ਿਆਂ ’ਚ ਦੇਰੀ ਦੂਰ ਕਰਨ ਦਾ ਭਰੋਸਾ
ਵਾਸ਼ਿੰਗਟਨ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਕੋਲ ਵੀਜ਼ਿਆਂ ’ਚ ਦੇਰੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਅਮਰੀਕੀ ਦੂਤਾਵਾਸਾਂ ’ਚ ਭਾਰਤੀ ਨਾਗਰਿਕਾਂ ਦੀਆਂ ਵੱਡੀ ਗਿਣਤੀ ਵੀਜ਼ਾ ਅਰਜ਼ੀਆਂ ਬਕਾਇਆ ਪਈਆਂ ਹਨ। ਬਲਿੰਕਨ ਨੇ ਕਿਹਾ ਕਿ ਉਹ ਇਸ ਮੁੱਦੇ ਪ੍ਰਤੀ ਗੰਭੀਰ ਹਨ ਤੇ ਮੁਸ਼ਕਲ ਦੇ ਹੱਲ ਲਈ ਯੋਜਨਾ ਬਣਾ ਰਹੇ ਹਨ। ਬਲਿੰਕਨ ਨੇ ਦੇਰੀ ਲਈ ਕੋਵਿਡ ਨੂੰ ਜ਼ਿੰਮੇਵਾਰ ਠਹਿਰਾਇਆ। -ਪੀਟੀਆਈ
ਅਮਰੀਕਾ ਸਲਾਮਤੀ ਕੌਂਸਲ ਦੇ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਚਾਹਵਾਨ: ਬਲਿੰਕਨ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਚਾਹਵਾਨ ਹੈ। ਉਹ ਇਸ ਵਿਚ ਸ਼ਮੂਲੀਅਤ ਵਧਾਉਣ ਦੇ ਪੱਖ ਵਿਚ ਹਨ। ਜ਼ਿਕਰਯੋਗ ਹੈ ਕਿ ਭਾਰਤ ਲੰਮੇ ਸਮੇਂ ਤੋਂ ਸਥਾਈ ਸੀਟ ਉਤੇ ਆਪਣਾ ਦਾਅਵਾ ਕਰ ਰਿਹਾ ਹੈ। ਭਾਰਤ ਵੱਲੋਂ ਲਗਾਤਾਰ ਸਲਾਮਤੀ ਪਰਿਸ਼ਦ ਵਿਚ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਹੈ। ਵਰਤਮਾਨ ’ਚ ਸਲਾਮਤੀ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਹਨ। -ਪੀਟੀਆਈ